ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਵਿਗੜ ਰਹੇ ਹਾਲਾਤ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਬ ਪਾਰਟੀ ਮੀਟਿੰਗ ਬੁਲਾਉਣ ਲਈ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਮੈਂ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹਾਂ। ਉਨ੍ਹਾਂ ਆਪਣੇ ਪੱਤਰ ਵਿੱਚ ਜ਼ਿਕਰ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਹਨ, ਚਾਹੇ ਉਹ ਗੈਂਗਵਾਰ ਹੋਵੇ ਜਾਂ ਕਤਲ, ਉਨ੍ਹਾਂ ਸਭ ਦਾ ਇਸ ਪੱਤਰ ਵਿੱਚ ਜ਼ਿਕਰ ਕੀਤਾ ਗਿਆ ਹੈ। ਪੱਤਰ ਰਾਹੀਂ ਮੰਗ ਕੀਤੀ ਗਈ ਹੈ ਕਿ ਉਹ ਇਸ ਸਬੰਧੀ ਕਾਰਵਾਈ ਕਰਨ।
ਪੰਜਾਬ ਦੇ ਹਾਲਾਤ ਨੂੰ ਲੈ ਕੇ ਮੁੱਖ ਮੰਤਰੀ ਬੇਖਬਰ : ਗੋਇੰਦਵਾਲ ਸਾਹਿਬ ਕੇਂਦਰੀ ਜੇਲ੍ਹ ਵਿਚੋਂ ਜੋ ਗੈਂਗਸਟਰਾਂ ਦੀ ਵੀਡੀਓ ਵਾਇਰਲ ਹੋਈ ਹੈ, ਉਸ ਸਬੰਧੀ ਭਾਜਪਾ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਨੇ ਸਰਕਾਰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਸਾਰੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਸਰਕਾਰ ਵੀ ਬੇ ਖਬਰ ਹੈ। ਮੁੱਖ ਮੰਤਰੀ ਭਗਵੰਤ ਮਾਣ ਕੇਜਰੀਵਾਲ ਦੇ ਨਾਲ ਮੁੰਬਈ ਵਿਚ ਉਸ ਸਮੇਂ ਸੈਰਾ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਅੱਜ ਜੇਲ੍ਹਾਂ ਵਿੱਚੋਂ ਸੱਚ ਸਾਹਮਣੇ ਆਇਆ ਹੈ ਕਿ ਆਮ ਆਦਮੀ ਪਾਰਟੀ ਨੇ ਗੁੰਡਿਆਂ ਅਤੇ ਗੈਂਗਸਟਰਾਂ ਲਈ ਜੇਲ੍ਹਾਂ ਵਿੱਚ ਅਯਾਸ਼ੀ ਦੇ ਅੱਡੇ ਬਣਾਏ ਹੋਏ ਹਨ। ਡਾਕਟਰ ਵੇਰਕਾ ਨੇ ਕਿਹਾ ਭਗਵੰਤ ਮਾਨ ਜੀ ਤੁਸੀਂ ਬਾਹਰ ਦਾ ਖਹਿੜਾ ਛੱਡੋ ਪੰਜਾਬ ਨੂੰ ਸੰਭਾਲੋ। ਇਹ ਪੰਜਾਬ ਨੂੰ ਜਿਹੜੀ ਅੱਗ ਲੱਗ ਰਹੀ ਹੈ, ਉਸਦਾ ਕਸੂਰਵਾਰ ਜੇਕਰ ਕੋਈ ਹੈ ਤਾਂ ਉਹ ਭਗਵੰਤ ਮਾਨ ਜੀ ਤੁਸੀਂ ਆਪ ਹੋ। ਕੇਜਰਵਾਲ ਦਾ ਖਹਿੜਾ ਛੱਡੋ ਤੇ ਪੰਜਾਬ ਸੰਭਾਲੋ।
ਇਹ ਵੀ ਪੜ੍ਹੋ : Gangsters Video Viral: ਗੈਂਗਵਾਰ ਮਗਰੋਂ ਗੈਂਗਸਟਰਾਂ ਨੇ ਜਾਰੀ ਕੀਤੀ ਵੀਡੀਓ, ਕਤਲ ਕਰ ਜੇਲ੍ਹ 'ਚ ਮਨਾਏ ਜਸ਼ਨ...
ਪੰਜਾਬ ਵਿਚ ਡਗਮਗਾਈ ਕਾਨੂੰਨ ਵਿਵਸਥਾ : ਪੰਜਾਬ ਵਿਚ ਲਗਾਤਾਰ ਕਾਨੂੰਨ ਪ੍ਰਬੰਧ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ। ਪਹਿਲਾਂ ਸੰਦੀਪ ਨੰਗਲ ਅੰਬੀਆਂ ਦਾ ਕਤਲ, ਫਿਰ ਸਿੱਧੂ ਮੂਸੇਵਾਲਾ ਦਾ ਕਤਲ, ਅਜਨਾਲਾ ਕਾਂਡ ਤੇ ਹੁਣ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਮਾਰੇ ਗਏ ਗੈਂਸਟਰਾਂ ਦੇ ਮਾਮਲੇ ਉਤੇ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਉਤੇ ਹੈ। ਗੋਇੰਦਵਾਲ ਸਾਹਿਬ ਵਿਖੇ ਗੈਂਸਟਰਾਂ ਨੇ ਦੂਜੀ ਧਿਰ ਦੇ ਦੋ ਗੈਂਗਸਟਰਾਂ ਦਾ ਕਤਲ ਕਰ ਕੇ ਸ਼ਰੇਆਮ ਵੀਡੀਓ ਵਿਚ ਇਹ ਕਬੂਲਿਆ ਕਿ ਉਨ੍ਹਾਂ ਨੇ ਆਪਣੇ ਭਾਈ ਦੀ ਮੌਤ ਦਾ ਬਦਲਾ ਲਿਆ ਹੈ। ਹਾਲਾਂਕਿ ਸਰਕਾਰ ਨੇ ਇਸ ਮਾਮਲੇ ਉਤੇ ਕਾਰਵਾਈ ਕਰਦਿਆਂ ਕੁਝ ਮੁਲਾਜ਼ਮਾਂ ਨੂੰ ਮੁਅੱਤਲ ਤਾਂ ਕੀਤਾ ਪਰ ਵਿਰੋਧੀ ਸਰਕਾਰ ਨੂੰ ਇਸ ਮੁੱਦੇ ਉਤੇ ਘੇਰ ਰਹੇ ਹਨ।