ਮੋਗਾ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸੂਬੇ 'ਚ ਦਿਨ-ਬ-ਦਿਨ ਕੋਰੋਨਾ ਪੀੜਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਜਿਥੇ ਕੋਰੋਨਾ ਤੋਂ ਬਚਾਅ ਲਈ ਕੋਰੋਨਾ ਟੈਸਟ, ਜਾਗਰੂਕ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਪਹੁੰਚ ਕਰ ਰਹੀਆਂ ਹਨ। ਉਥੇ ਹੀ ਦੂਜੇ ਪਾਸੇ ਝੂਠੀਆਂ ਅਫ਼ਵਾਹਾਂ 'ਚ ਆ ਕੇ ਲੋਕ ਸਿਹਤ ਕਰਮਚਾਰੀਆਂ ਨਾਲ ਮਾੜਾ ਵਿਵਹਾਰ ਕਰ ਰਹੇ ਹਨ।
ਅਜਿਹਾ ਹੀ ਮਾਮਲਾ ਪਿੰਡ ਕੋਕਰੀ ਬੁੱਟਰਾਂ ਵਿਖੇ ਸਾਹਮਣੇ ਆਇਆ ਹੈ। ਇਥੇ ਕੋਰੋਨਾ ਮਰੀਜ਼ ਦਾ ਅੰਤਮ ਸਸਕਾਰ ਕਰਨ ਪੁੱਜੀ ਸਿਹਤ ਵਿਭਾਗ ਦੀ ਟੀਮ ਨਾਲ ਪਿੰਡ ਵਾਸੀਆਂ ਨੇ ਮਾੜਾ ਸਲੂਕ ਕੀਤਾ ਤੇ ਕੁੱਟਮਾਰ ਵੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਐਸਐਮਓ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ, "ਉਨ੍ਹਾਂ ਦੀ ਟੀਮ ਇੱਕ ਕੋਰੋਨਾ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦਾ ਅੰਤਮ ਸਸਕਾਰ ਕਰਨ ਪਿੰਡ ਕੋਕਰੀ ਬੁੱਟਰਾਂ ਵਿਖੇ ਪੁੱਜੀ।ਮੈਡੀਕਲ ਟੀਮ ਜਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਪੀਪੀਈ ਕਿੱਟਾਂ ਦੇਣ ਪੁੱਜੀ ਤਾਂ ਉਥੇ ਮੌਜੂਦ ਪਿੰਡ ਵਾਸੀਆਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ।
ਉਨ੍ਹਾਂ ਦੇ ਡਰਾਈਵਰ ਸਣੇ ਲੋਕਾਂ ਨੇ ਸਿਹਤ ਕਰਮਚਾਰੀਆਂ ਨਾਲ ਕੁੱਟਮਾਰ ਵੀ ਕੀਤੀ। ਪਿੰਡ ਵਾਸੀਆਂ ਨੇ ਮੈਡੀਕਲ ਟੀਮ ਨਾਲ ਗਾਲੀ ਗਲੌਚ ਕੀਤੀ ਤੇ ਉਨ੍ਹਾਂ ਨੂੰ ਸਰਕਾਰ ਦੇ ਦਲਾਲ ਕਿਹਾ। ਇਸ ਤੋਂ ਬਾਅਦ ਮੈਡੀਕਲ ਟੀਮ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਨਿਕਲੀ। ਐਸਐਮਓ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਬੰਧ 'ਚ ਪਿੰਡ ਵਾਸੀਆਂ ਖਿਲਾਫ਼ ਐਸਡੀਐਮ ਅਧਿਕਾਰੀ ਕੋਲ ਸ਼ਿਕਾਇਤ ਦਿੱਤੀ ਗਈ ਹੈ।
ਇਸ ਮੌਕੇ ਐਸਡੀਐਮ ਡਾ. ਨਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਐਸਐਮਓ ਵੱਲੋਂ ਪਿੰਡ ਵਾਸੀਆਂ ਖਿਲਾਫ਼ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਸ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਤੇ ਉਕਤ ਮੁਲਜ਼ਮਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਐਸਡੀਐਮ ਨੇ ਲੋਕਾਂ ਕੋਰੋਨਾ ਵਾਇਰਸ ਸਬੰਧੀ ਅਫਵਾਹਾਂ ਤੋਂ ਬੱਚਣ ਦੀ ਸਲਾਹ ਦਿੱਤੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਤੇ ਪ੍ਰਸ਼ਾਸਨ ਦਾ ਸਾਥ ਦੇਣ।