ਮੋਗਾ: ਮੋਗਾ ਤੋਂ ਇਕ ਚੋਰੀ ਦੀ ਅਜੀਬੋ-ਗਰੀਬ ਘਟਨਾ ਦੇਖਣ ਨੂੰ ਮਿਲੀ ਹੈ। ਇਥੇ ਚੋਰਾਂ ਨੇ ਇਕ ਏਟੀਐਮ ਲਾਬੀ ਨੂੰ ਨਿਸ਼ਾਨਾ ਤਾਂ ਬਣਾਇਆ, ਪਰ ਚੋਰ ਮਸ਼ੀਨ ਵਿਚੋਂ ਪੈਸੇ ਨਹੀਂ ਲੈ ਕੇ ਗਏ, ਸਗੋਂ ਏਟੀਐਮ ਲੌਬੀ ਵਿੱਚ ਲੱਗੇ ਏਸੀ ਦੀ ਇਨਡੋਰ ਪੁੱਟ ਕੇ ਲੈ ਗਏ। ਇਸ ਚੋਰੀ ਦੀ ਘਟਨਾ ਦੀ ਵੀਡੀਓ ਵੀ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ : ਜਾਣਕਾਰੀ ਅਨੁਸਾਰ ਮੋਗਾ ਦੇ ਕਸਬਾ ਬਾਘਾਪੁਰਾਣਾ ਵਿੱਚ ਐਸਬੀਆਈ ਬੈਂਕ ਦੀ ਏਟੀਐਮ ਲੌਬੀ ਵਿੱਚੋਂ ਚੋਰਾਂ ਨੇ ਨਕਦੀ ਦੀ ਬਜਾਏ ਇਨਡੋਰ ਏਸੀ ਯੂਨਿਟ ਨੂੰ ਪੁੱਟ ਦਿੱਤਾ ਤੇ ਆਪਣੇ ਨਾਲ ਲੈ ਗਏ। ਨਿਡਰ ਹੋ ਕੇ ਦੋਵੇਂ ਚੋਰਾਂ ਨੇ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰੀ ਦੀ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਚੋਰੀ ਦੀ ਘਟਨਾ ਦੀ ਸੂਚਨਾ ਬੈਂਕ ਮੈਨੇਜਰ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਹੈ। ਚੋਰੀ ਇਹ ਘਟਨਾ ਐਤਵਾਰ ਸ਼ਾਮ ਸੱਤ ਵਜੇ ਵਾਪਰੀ। ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਦੋ ਵਿਅਕਤੀ ਮੋਟਰਸਾਈਕਲ ਉਤੇ ਆਉਂਦੇ ਹਨ, ਫਿਰ ਦੋਵੇਂ ਏਟੀਐਮ ਲੌਬੀ ਵਿੱਚ ਦਾਖਲ ਹੁੰਦੇ ਨੇ, ਇਨ੍ਹਾਂ ਵਿੱਚੋਂ ਇਕ ਵਿਅਕਤੀ ਉਥੇ ਪਿਆ ਡਸਟਬਿਨ ਪੁੱਠਾ ਮਾਰ ਕੇ ਉਤੇ ਚੜ੍ਹਦਾ ਹੈ ਤੇ ਏਸੀ ਦੀਆਂ ਤਾਰਾਂ ਨੂੰ ਕੱਟ ਕੇ ਏਸੀ ਯੂਨਿਟ ਪੁੱਟ ਕੇ ਨਾਲ ਲੈ ਜਾਂਦੇ ਹਨ।
ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ : ਉਥੇ ਹੀ ਦੂਜੇ ਪਾਸੇ SBI ਦੇ ਬੈਂਕ ਮੈਨੇਜਰ ਨੇ ਦੱਸਿਆ ਕਿ ਦੋ ਚੋਰ ਬਿਨਾਂ ਕਿਸੇ ਡਰ ਖੌਫ ਤੋਂ ATM 'ਚ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਇਹ ਘਟਨਾ ਐਤਵਾਰ ਨੂੰ ਛੁੱਟੀ ਵਾਲੇ ਦਿਨ ਵਾਪਰੀ, ਜਿਸ ਕਾਰਨ ਕਿਸੇ ਨੂੰ ਪਤਾ ਨਹੀਂ ਲੱਗਾ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ, ਪਰ ਹੁਣ ਤੱਕ ਪੁਲਿਸ ਵਾਲੇ ਪਾਸੇ ਤੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਪਰ ਬੈਂਕ 'ਚ ਆਉਣ ਤੋਂ ਬਾਅਦ ਹੁਣ ਤੱਕ ਜਾਂਚ ਨਹੀਂ ਕੀਤੀ ਗਈ। ਕੁਝ ਸਮਾਂ ਪਹਿਲਾਂ ਬੈਂਕ ਦਾ ਇੱਕ ਮੋਟਰ ਸਾਈਕਲ ਵੀ ਚੋਰੀ ਹੋ ਗਿਆ ਸੀ, ਜਿਸ ਦੀ ਸ਼ਿਕਾਇਤ 'ਤੇ ਅੱਜ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।