ਮੋਗਾ: ਥਾਣਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਰੇੜਵਾਂ ਵਿੱਚ ਕੁੱਝ ਲੋਕਾਂ ਵੱਲੋਂ ਮੁਫ਼ਤ ਸੌਦਾ ਨਾ ਦੇਣ 'ਤੇ ਇੱਕ ਦੁਕਾਨਦਾਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉੱਥੇ ਹੀ ਇਸ ਲੜਾਈ ਦੌਰਾਨ ਦੁਕਾਨਦਾਰ ਦੇ ਦੋ ਬੇਟੇ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡੀਐਸਪੀ ਸੁਬੇਗ ਸਿੰਘ ਮੌਕੇ ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰਦੇ ਪੁਲੀਸ ਨੇ ਥਾਣਾ ਧਰਮਕੋਟ 'ਚ ਪੰਜ ਲੋਕਾਂ ਦੇ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।
ਪਿੰਡ ਰੇੜਵਾਂ ਨਿਵਾਸੀ ਲਛਮਣ ਸਿੰਘ ਨੇ ਦੱਸਿਆ ਕਿ ਪਿੰਡ 'ਚ ਉਨ੍ਹਾਂ ਦੀ ਕਰਿਆਨੇ ਦੀ ਦੁਕਾਨ ਹੈ। ਬੀਤੀ ਰਾਤ ਨੂੰ ਉਨ੍ਹਾਂ ਦੀ ਦੁਕਾਨ 'ਤੇ ਚਾਰ ਲੋਕ ਸਾਮਾਨ ਲੈਣ ਲਈ ਆਏ ਸਨ। ਸਾਮਾਨ ਦੇਣ ਉਪਰੰਤ ਜਦੋਂ ਉਸ ਵੱਲੋਂ ਉੱਕਤ ਲੋਕਾਂ ਕੋਲੋਂ ਪੈਸੇ ਮੰਗੇ ਗਏ ਤਾਂ ਉਨ੍ਹਾਂ ਨੇ ਉਸ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਜਦੋਂ ਲਛਮਣ ਸਿੰਘ ਦੇ ਪਿਤਾ ਬੁੱਧ ਸਿੰਘ ਨੇ ਉਨ੍ਹਾਂ ਲੋਕਾਂ ਨੂੰ ਰੋਕਣਾ ਚਾਹਿਆ ਤਾਂ ਆਰੋਪੀਆਂ ਨੇ ਉਸ ਦੇ ਪਿਤਾ ਨੂੰ ਧੱਕਾ ਮਾਰ ਦਿੱਤਾ, ਜਿਸ ਨਾਲ ਉਸ ਦੇ ਪਿਤਾ ਥੱਲੇ ਡਿੱਗ ਗਏ ਅਤੇ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।
ਜਿਸ ਤੋਂ ਬਾਅਦ ਆਰੋਪੀਆਂ ਨੇ ਮੌਕੇ 'ਤੇ ਆਪਣੇ ਕੁਝ ਹੋਰ ਸਾਥੀਆਂ ਨੂੰ ਬੁਲਾ ਲਿਆ, ਉੱਥੇ ਹੀ ਜਦੋਂ ਪੀੜਤ ਵੱਲੋਂ ਆਪਣੇ ਚਾਚੇ ਅਤੇ ਵੱਡੇ ਭਰਾ ਨੂੰ ਦੁਕਾਨ 'ਤੇ ਬੁਲਾਇਆ ਗਿਆ ਤਾਂ ਦੋਸ਼ੀਆਂ ਨੇ ਉਨ੍ਹਾਂ ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਜ਼ਖ਼ਮੀ ਚੰਦ ਸਿੰਘ ਨੇ ਦੱਸਿਆ ਕਿ ਆਰੋਪੀਆਂ ਵੱਲੋਂ ਉਨ੍ਹਾਂ ਦੀ ਦੁਕਾਨ ਤੋਂ ਮੁਫ਼ਤ ਕੁਰਕੁਰੇ ਮੰਗੇ ਗਏ ਸਨ ਅਤੇ ਪੈਸੇ ਨਾ ਦੇਣ 'ਤੇ ਆਰੋਪੀਆਂ ਨੇ ਉਸ ਦੇ ਪਿਤਾ ਬੁੱਧ ਸਿੰਘ ਅਤੇ ਭਰਾ ਲਛਮਣ ਸਿੰਘ ਨਾਲ ਝਗੜਾ ਸ਼ੁਰੂ ਕਰ ਦਿੱਤਾ। ਚੰਦ ਸਿੰਘ ਮੁਤਾਬਕ ਉਸ ਦੇ ਪਿਤਾ ਬੁੱਧ ਸਿੰਘ ਦਿਲ ਦੇ ਮਰੀਜ਼ ਸਨ, ਜਿਸ ਚਲਦੇ ਆਰੋਪੀਆਂ ਵੱਲੋਂ ਉਨ੍ਹਾਂ ਨੂੰ ਧੱਕਾ ਦੇਣ ਤੇ ਹੀ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਧਰਮਕੋਟ ਤੇ ਡੀਐਸਪੀ ਸੁਬੇਗ ਸਿੰਘ ਨੇ ਦੱਸਿਆ ਕਿ ਪੰਜ ਲੋਕਾਂ ਖਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।