ਮੋਗਾ: ਮੌਸਮ ਵਿੱਚ ਆਏ ਬਦਲਾਅ ਕਾਰਨ ਆਮ ਲੋਕਾਂ ਨੂੰ ਬੇਸ਼ੱਕ ਰਾਹਤ ਮਿਲੀ ਹੈ ਪਰ ਮੌਸਮ ਦੀ ਤਬਦੀਲੀ ਨੇ ਕਿਸਾਨਾਂ ਤੋਂ ਖੁਸ਼ੀਂ ਹੀ ਖੋਹ ਲਈ ਹੈ। ਇਹੀ ਮੌਸਮ ਕਿਸਾਨਾਂ ਲਈ ਮੁਸੀਬਤ ਬਣ ਗਿਆ ਹੈ। ਮੋਗਾ ਜ਼ਿਲੇ 'ਚ ਇਸ ਵਾਰ ਕਿਸਾਨ ਨੇ ਜ਼ਿਆਦਾਤਰ ਕਣਕ, ਆਲੂ, ਮੱਕੀ ਅਤੇ ਮੂੰਗੀ ਦੀ ਬਿਜਾਈ ਕੀਤੀ ਸੀ। ਮੀਂਹ ਕਾਰਨ ਕਿਸਾਨਾਂ ਦੀਆਂ ਵੱਖ ਵੱਖ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪੰਜਾਬ ਭਰ ਦੇ ਵਿੱਚ ਪਿਛਲੇ 5/6 ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਮੋਗਾ ਜ਼ਿਲੇ ਦੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਕਿਸਾਨ ਆਪਣੀ ਫ਼ਸਲ ਨੂੰ ਬਰਸਾਤੀ ਪਾਣੀ ਤੋਂ ਬਚਾਉਣ ਲਈ ਜੇ.ਸੀ.ਬੀ ਮਸ਼ੀਨ ਨਾਲ ਖੇਤਾਂ 'ਚ ਟੋਏ ਪੁੱਟ ਕੇ ਪਾਣੀ ਦੀ ਨਿਕਾਸੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਫ਼ਸਲ ਮੁੜ ਤੋਂ ਉੱਗ ਸਕੇ।
ਕਿੰਨੀ ਫ਼ਸਲ ਹੋਈ ਖ਼ਰਾਬ: ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੋਗਾ ਜ਼ਿਲ੍ਹੇ ਦੇ ਪਿੰਡ ਸਿੰਘਾਵਾਲਾ ਦੇ ਕਿਸਾਨ ਇਕਬਾਲ ਸਿੰਘ, ਜੋ ਪਿਛਲੇ 25/30 ਸਾਲਾਂ ਤੋਂ 150 ਏਕੜ ਵਿੱਚ ਖੇਤੀ ਕਰ ਰਹੇ ਹਨ ਅਤੇ ਇਸ ਵਾਰ ਉਨ੍ਹਾਂ ਨੇ ਆਲੂ, ਮੂੰਗੀ ਅਤੇ ਮੱਕੀ ਕਣਕ ਦੀ ਬਿਜਾਈ ਕੀਤੀ ਹੈ। ਮੀਂਹ ਕਾਰਨ 70% ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਇਸ ਵਾਰ ਲਗਭਗ 60/70 ਏਕੜ ਰਕਬੇ ਵਿੱਚ ਆਲੂਆਂ ਦੀ ਬਿਜਾਈ ਕੀਤੀ ਸੀ ਅਤੇ 30 ਏਕੜ ਆਲੂਆਂ ਦੀ ਫ਼ਸਲ ਨੂੰ ਸੰਭਾਲ ਲਿਆ ਗਿਆ ਸੀ ਜਦਕਿ 40 ਏਕੜ ਫ਼ਸਲ ਬਰਸਾਤ ਦੇ ਕਾਰਨ ਖਰਾਬ ਹੋ ਗਈ ਹੈ। ਆਲੂਆਂ ਦੇ ਖੇਤ ਵਿੱਚੋਂ ਜੇਸੀਬੀ ਮਸ਼ੀਨ ਨਾਲ ਪਾਣੀ ਕੱਢ ਕੇ ਫ਼ਸਲ ਨੂੰ ਬਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਿਆਦਾਤਰ ਕਣਕ ਦੀ ਬਿਜਾਈ ਕੀਤੀ ਸੀ ਅਤੇ 70 ਫੀਸਦੀ ਫਸਲ ਬਰਸਾਤ ਕਾਰਨ ਖਰਾਬ ਹੋ ਗਈ ਹੈ, ਕਰੀਬ 90 ਏਕੜ ਫਸਲ ਖਰਾਬ ਹੋ ਗਈ ਹੈ। ਕਿਸਾਨ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਉਸਨੇ ਮੱਕੀ ਅਤੇ ਦਾਲਾਂ ਦੀ ਬਿਜਾਈ ਕਰੀਬ 150 ਦੇ ਕਰੀਬ ਖੇਤੀ ਕੀਤੀ ਹੈ। ਬਰਸਾਤ ਕਾਰਨ ਸਾਰੀ ਫਸਲ ਬਰਬਾਦ ਹੋ ਗਈ ਹੈ।ਸਾਰੇ ਕਿਸਾਨਾਂ ਵੱਲੋਂ ਸਰਕਾਰ ਨੂੰ ਅਪੀਲ ਹੈ ਕਿ ਖਰਾਬ ਹੋਈ ਫਸਲ ਦੀ ਜਾਂਚ ਕਰਕੇ ਮੁਆਵਜ਼ਾ ਦਿੱਤਾ ਜਾਵੇ।
ਖੇਤੀਬਾੜੀ ਅਫ਼ਸਰ ਦਾ ਕੀ ਕਹਿਣਾ: ਜ਼ਿਲਾ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਬਿਜਾਈ ਜ਼ਿਲ੍ਹੇ ਵਿੱਚ 1.80 ਲੱਖ ਹੈਕਟੇਅਰ ਰਕਬੇ ਵਿੱਚ ਪੈਦਾਵਾਰ ਹੋਈ। ਜਦਕਿ ਪਿਛਲੇ 5/6 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਪੰਜ ਬਲਾਕਾਂ ਵਿਚ ਕੀਤੇ ਗਏ ਸਰਵੇ ਅਨੁਸਾਰ ਹੁਣ ਤੱਕ ਕਣਕ ਦੀ ਫ਼ਸਲ ਦੇ 5 ਤੋਂ 10 ਫ਼ੀਸਦੀ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਨੁਕਸਾਨੀਆਂ ਫ਼ਸਲਾਂ ਦੀ ਜਾਂਚ ਕਰਕੇ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ ਤਾਂ ਜੋ ਕਿਸਾਨਾਂ ਦੀ ਕੁੱਝ ਮਦਦ ਹੋ ਸਕੇ।
ਇਹ ਵੀ ਪੜ੍ਹੋ: Wheat Crop Affected Due to Rain: ਕਿਸਾਨ ਦੀ ਜਵਾਨ ਹੋ ਰਹੀ ਫ਼ਸਲ 'ਤੇ ਬੇਮੌਸਮੀ ਬਰਸਾਤ ਦੀ ਮਾਰ