ਮੋਗਾ: ਪਿਛਲੇ 3 ਦਿਨਾਂ ਤੋਂ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਮੋਗਾ ਦੇ 6 ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਪਾਣੀ ਇੰਨ੍ਹਾ ਜਿਆਦਾ ਹੈ ਕਿ ਹਰ ਪਿੰਡ 'ਚ ਲੋਕ ਘਰਾਂ ਦੀਆਂ ਛੱਤਾਂ ਉੱਤੇ ਚੜ੍ਹੇ ਹੋਏ ਹਨ ਤੇ ਉਹਨਾਂ ਤਕ ਖਾਣ-ਪੀਣ ਦਾ ਸਮਾਨ ਨਹੀਂ ਪਹੁੰਚ ਰਿਹਾ ਹੈ। ਹਾਲਾਂਕਿ ਅੱਜ ਦਰਿਆ 'ਤੇ ਪਾਣੀ ਘੱਟ ਜਾਵੇਗਾ, ਪਰ ਲੋਕ ਬਹੁਤ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 3 ਦਿਨਾਂ ਤੋਂ ਦਰਿਆ 'ਚ ਪਾਣੀ ਸੀ, ਪ੍ਰਸ਼ਾਸਨ ਨੇ ਪਿੰਡ ਖਾਲੀ ਕਰਨ ਦੀ ਗੱਲ ਕਹੀ, ਪਰ ਇੱਥੇ ਸਾਡੀ ਮਦਦ ਲਈ ਕੋਈ ਅੱਗੇ ਨਹੀਂ ਆਇਆ ਤੇ ਨਾਂ ਹੀ ਸਾਡੇ ਤਕ ਕੋਈ ਸਹੂਲਤ ਪਹੁੰਚ ਰਹੀ ਹੈ।
ਪ੍ਰਸ਼ਾਸਨ ਤੋਂ ਨਾਰਾਜ਼ ਹੋਏ ਲੋਕ: ਇੱਕ ਪਾਸੇ ਤਾਂ ਲੋਕਾਂ ਨੂੰ ਮੀਂਹ ਨੇ ਸਤਾਇਆ ਤਾਂ ਦੂਜੇ ਪਾਸੇ ਸਹੂਲਤਾਂ ਨਾ ਮਿਲਣ ਕਾਰਨ ਲੋਕ ਪ੍ਰਸ਼ਾਸਨ ਤੋਂ ਪਰੇਸ਼ਾਨ ਹਨ। ਪੀੜਤ ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਅਸੀਂ ਘਰਾਂ ਦੀ ਛੱਤਾਂ ਉੱਤੇ ਭੱਖੇ ਦਿਨ-ਰਾਤ ਕੱਟ ਰਹੇ ਹਾਂ ਸਾਡੇ ਤਕ ਕੋਈ ਵੀ ਸਹੂਲਤ ਨਹੀਂ ਪਹੁੰਚ ਰਹ ਹੈ, ਜਿਸ ਕਾਰਨ ਅਸੀਂ ਬਹੁਤ ਪਰੇਸ਼ਾਨ ਹੋ ਰਹੇ ਹਾਂ। ਲੋਕਾਂ ਦਾ ਕਹਿਣ ਹੈ ਕਿ ਅਸੀਂ ਮੁਸ਼ੱਕਤ ਨਾਲ ਸੁਰੱਖਿਅਤ ਥਾਵਾਂ ਉੱਤੇ ਤਾਂ ਆ ਗਏ ਹਾਂ, ਪਰ ਸਾਡੇ ਕੋਲ ਖਾਣ ਨੂੰ ਕੁਝ ਨਹੀਂ ਹੈ।
ਲੋਕਾਂ ਤੱਕ ਨਹੀਂ ਪਹੁੰਚੀ ਸਰਕਾਰੀ ਸਹੂਲਤ: ਪਿੰਡ ਵਾਸੀਆਂ ਨੇ ਆਖਿਆ ਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਲੋਕਾਂ ਤੱਕ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ, ਪਰ ਸਾਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਹੈ। ਪਿੰਡ ਦਾ ਬਹੁਤ ਬੁਰਾ ਹਾਲ ਹੈ ਤੇ ਸਾਰੇ ਕੱਚੇ ਘਰ ਢਹਿ ਗਏ ਹਨ। ਪਿੰਡ ਸੰਘੇੜਾ ਵਿੱਚ ਕਰੀਬ 700/800 ਏਕੜ ਫਸਲ ਦਾ ਨੁਕਸਾਨ ਹੋਇਆ ਹੈ, ਅਤੇ 4/5 ਪਿੰਡ ਅਜਿਹੇ ਹਨ ਜਿਨ੍ਹਾਂ ਵਿੱਚ ਕਾਫੀ ਨੁਕਸਾਨ ਹੋਇਆ ਹੈ।
ਖੁੱਲ੍ਹੇ ਅਸਮਾਨ ਹੇਠ ਰਾਤਾਂ ਕੱਟਣ ਲਈ ਮਜ਼ਬੂਰ: ਲੋਕਾਂ ਦਾ ਕਹਿਣਾ ਹੈ ਕਿ ਅੱਜ ਪਾਣੀ ਬੇਸ਼ੱਕ ਘੱਟ ਗਿਆ ਹੈ, ਪਰ ਜੇਕਰ ਉਪਰੋਂ ਪਾਣੀ ਛੱਡਿਆ ਗਿਆ ਤਾਂ ਹਾਲਾਤ ਫਿਰ ਤੋਂ ਵਿਗੜ ਸਕਦੇ ਹਨ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਰਾਹਤ ਕੈਂਪ ਜ਼ਰੂਰ ਬਣਾਇਆ ਹੈ, ਪਰ ਕੋਈ ਸਹੂਲਤ ਨਹੀਂ ਹੈ। ਲੋਕਾਂ ਨੇ ਕਿਹਾ ਕਿ ਸਰਕਾਰ ਨੂੰ ਪ੍ਰਬੰਧ ਮਜ਼ਬੂਤ ਕਰਨੇ ਚਾਹੀਦੇ ਹਨ ਤਾਂ ਜੋ ਲੋਕ ਪਰੇਸ਼ਾਨ ਨਾ ਹੋਣ।