ਮੋਗਾ: ਸ਼ਿਵ ਸੈਨਾ ਆਗੂ ਸੁਧੀਰ ਸੂਰੀ ਵੱਲੋਂ ਫੇਸਬੁੱਕ ਉੱਤੇ ਐਨਆਰਆਈ ਵੀਰਾਂ ਦੀਆਂ ਪਤਨੀਆਂ ਵਿਰੁੱਧ ਬੋਲ ਕੇ ਪਾਈ ਵੀਡੀਓ ਨੂੰ ਲੈ ਕੇ ਲੋਕਾਂ ਵਿੱਚ ਵੱਡੇ ਪੱਧਰ ਉੱਤੇ ਰੋਸ ਪਾਇਆ ਜਾ ਰਿਹਾ ਹੈ। ਪੰਜਾਬ ਵਿੱਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰ ਸੁਧੀਰ ਸੂਰੀ 'ਤੇ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਹਨ।
ਇਸ ਮਾਮਲੇ ਨੂੰ ਲੈ ਕੇ ਸ਼ੇਰ-ਏ-ਪੰਜਾਬ ਪਹਿਲਵਾਨ ਗਰੁੱਪ ਦੇ ਮੈਂਬਰ ਅਮਰਿੰਦਰ ਸਿੰਘ ਦਾਰ ਜੀ ਵੱਲੋਂ ਜ਼ਿਲ੍ਹਾ ਮੋਗਾ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੂੰ ਮੰਗ ਪੱਤਰ ਦੇ ਕੇ ਸੁਧੀਰ ਸੂਰੀ ਖਿਲਾਫ ਤੁਰੰਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਮੌਕੇ ਦਾਰ ਜੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਐਨਆਰਆਈ ਵੀਰਾਂ ਦੀ ਬਦੌਲਤ ਅੱਜ ਸਾਡਾ ਪੰਜਾਬ ਤਰੱਕੀ ਵੱਲ ਵਧ ਰਿਹਾ ਹੈ ਜਿਨ੍ਹਾਂ ਵੱਲੋਂ ਪੰਜਾਬ ਵਿੱਚ ਵਿਕਾਸ ਕਾਰਜ ਅਤੇ ਹੋਰ ਸਮਾਜ ਸੇਵੀ ਕੰਮ ਪਹਿਲ ਦੇ ਆਧਾਰ ਉੱਤੇ ਕਰਵਾਏ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਸੁਧੀਰ ਸੂਰੀ ਜਿਸ ਨੇ ਇਨ੍ਹਾਂ ਭਰਾਵਾਂ ਦੇ ਪਰਿਵਾਰਾਂ ਖਿਲਾਫ ਗਲਤ ਸ਼ਬਦਾਵਲੀ ਬੋਲ ਕੇ ਉਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ ਉਨ੍ਹਾਂ ਨੂੰ ਸਿਆਸੀ ਸ਼ੈਅ ਹੋਣ ਕਾਰਨ ਉਹ ਅਜਿਹੀ ਘਟੀਆ ਸ਼ਬਦਾਵਲੀ ਵਰਤ ਕੇ ਆਪਣੇ ਆਪ ਨੂੰ ਹਮੇਸ਼ਾ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸੂਰੀ ਨੂੰ ਦਿੱਤੇ ਗੰਨਮੈਨ ਤੁਰੰਤ ਵਾਪਸ ਲਏ ਜਾਣ।