ਮੋਗਾ: ਸ਼ਹਿਰ ਵਿੱਚ ਫ਼ਤਿਹਵੀਰ ਦੀ ਮੌਤ ਤੋਂ ਬਾਅਦ ਆਮ ਲੋਕਾਂ ਨੇ ਸੂਬਾ ਸਰਕਾਰ ਤੇ ਸੰਗਰੂਰ ਦੀ ਪ੍ਰਸ਼ਾਸਨ ਪ੍ਰਤੀ ਰੋਸ ਜ਼ਾਹਿਰ ਕੀਤਾ। ਉੱਥੇ ਹੀ ਇਸ ਰੋਸ਼ ਪ੍ਰਦਰਸ਼ਨ 'ਚ ਹਿੱਸਾ ਲੈਣ ਤੋਂ ਸਿਆਸੀ ਪਾਰਟੀਆਂ ਵੀ ਪਿੱਛੇ ਨਹੀਂ ਰਹੀਆਂ।
ਇਸ ਬਾਰੇ ਜ਼ਿਲ੍ਹਾ ਸਕੱਤਰ ਨਸੀਬ ਬਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸੰਗਰੂਰ ਦੇ ਪ੍ਰਸ਼ਾਸਨ ਦੀ ਨਾਲਾਇਕੀ ਕਰਕੇ ਬੋਰਵੈਲ 'ਚੋਂ ਡਿੱਗੇ 2 ਸਾਲਾ ਮਾਸੂਮ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਉਨ੍ਹਾਂ ਸਰਕਾਰ ਪ੍ਰਤੀ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਨਿਕੰਮੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਮੋਗਾ ਇਕਾਈ ਵੱਲੋਂ ਸ਼ਹਿਰ ਦੇ ਮੁੱਖ ਚੌਕ ਜੋਗਿੰਦਰ ਸਿੰਘ 'ਤੇ ਪਹੁੰਚ ਕੇ ਕੈਪਟਨ ਸਰਕਾਰ ਦਾ ਪੁਤਲਾ ਸਾੜਿਆ ਗਿਆ ਤੇ ਕੈਪਟਨ ਸਰਕਾਰ ਤੋਂ ਅਸਤੀਫ਼ੇ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ 6 ਜੂਨ ਨੂੰ 2 ਸਾਲਾ ਬੱਚਾ ਬੋਰਵੈਲ 'ਚ ਡਿੱਗ ਗਿਆ ਸੀ ਜਿਸ ਨੂੰ 6 ਦਿਨਾਂ ਬਾਅਦ ਬੋਰਵੈਲ 'ਚੋਂ ਬਾਹਰ ਕੱਢਿਆ ਗਿਆ ਤੇ ਬੱਚੇ ਦੀ ਮੌਤ ਵੀ ਹੋ ਗਈ। ਇਸ ਕਰਕੇ ਲੋਕਾਂ 'ਚ ਸਰਕਾਰ ਪ੍ਰਤੀ ਕਾਫ਼ੀ ਗੁੱਸਾ ਵੇਖਿਆ ਜਾ ਰਿਹਾ ਹੈ।