ਮੋਗਾ: ਕਸਬਾ ਬਾਘਾਪੁਰਾਣਾ ਵਿਖੇ 30 ਜੂਨ ਦੀ ਸ਼ਾਮ ਨੂੰ ਇੱਕ ਦੁਕਾਨ ਦੇ ਬਾਹਰ ਹੋਏ ਬੰਬ ਬਲਾਸਟ 'ਚ ਇੱਕ ਕੋਰੀਅਰ ਕੰਪਨੀ ਦਾ ਮੁਲਾਜਮ ਜਖ਼ਮੀ ਹੋ ਗਿਆ ਸੀ, ਜਿਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਦੇ ਅਫ਼ਸਰਾਂ ਵੱਲੋਂ ਟੀਮਾਂ ਬਣਾ ਕੇ ਮਾਮਲੇ ਦੀ ਪੜਤਾਲ ਕੀਤੀ ਗਈ। ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਨੇ ਬੰਬ ਬਲਾਸਟ ਦੇ ਮਾਮਲੇ ਵਿੱਚ 3 ਵਿਅਕਤੀਆਂ ਨੂੰ ਕਾਬੂ ਕੀਤਾ।
ਮੋਗਾ ਪੁਲਿਸ ਦੇ ਐਸਐਸਪੀ ਹਰਮਨਵੀਰ ਸਿੰਘ ਗਿੱਲ ਨੇ ਦੱਸਿਆ ਕਿ ਰਾਜੂ ਤੇ ਅਜੇ ਦੋਵੇ ਸੱਕੇ ਭਰਾ ਹਨ। ਇਨ੍ਹਾਂ ਦੀ ਦੁਕਾਨ 'ਤੇ ਸੰਦੀਪ ਸਿੰਘ ਕੁਲਚਿਆਂ ਦਾ ਕੰਮ ਕਰਦਾ ਸੀ। ਉਨ੍ਹਾਂ ਕਿਹਾ,"ਕੰਮ ਘੱਟ ਹੋਣ ਕਾਰਨ ਅਜੇ ਨੇ ਸੰਦੀਪ ਨੂੰ ਹਟਾ ਕੇ ਆਪਣੇ ਭਰਾ ਨੂੰ ਦੁਕਾਨ 'ਚ ਰੱਖ ਲਿਆ। ਸੰਦੀਪ ਉਨ੍ਹਾਂ ਤੋਂ ਬਦਲਾ ਲੈਣਾ ਚਾਹੁੰਦੀ ਸੀ।"
ਉਨ੍ਹਾਂ ਦੱਸਿਆ ਕਿ ਅਜੇ ਤੇ ਰਾਜੂ ਨੂੰ ਆਪਣੇ ਰਸਤੇ ਤੋਂ ਹਟਾਉਣ ਲਈ ਸੰਦੀਪ ਨੇ ਇੰਟਰਨੈੱਟ ਦੀ ਸਹਾਇਤਾ ਨਾਲ ਆਪਣੇ ਦੋਸਤਾਂ ਨਾਲ ਮਿਲ ਕੇ ਬੰਬ ਤਿਆਰ ਕੀਤਾ। ਐਸਐਸਪੀ ਨੇ ਕਿਹਾ ਕਿ ਮੁਲਜ਼ਮਾਂ ਦੀ ਮੰਸ਼ਾ ਸੀ ਕਿ ਜਦ ਦੁਕਾਨ ਦਾ ਮਾਲਕ ਸ਼ਟਰ ਚੁੱਕੇਗਾ ਤਾਂ ਧਮਾਕਾ ਹੋਵੇਗਾ। ਪਰ ਅਜਿਹਾ ਨਹੀਂ ਹੋਇਆ।
ਕੀ ਸੀ ਪੂਰਾ ਮਾਮਲਾ?
ਗੁਰਦੀਪ ਸਿੰਘ ਤੇ ਉਸ ਦਾ ਚਾਚਾ ਡੀਟੀਡੀਸੀ ਕੋਰੀਅਰ ਕੰਪਨੀ ਵਿੱਚ ਕੋਰੀਅਰ ਡਿਲੀਵਰੀ ਦਾ ਕੰਮ ਕਰਦੇ ਸੀ। ਉਹ ਕੋਰੀਅਰ ਕੰਪਨੀ ਦੀ ਮੁੱਖ ਸ਼ਾਖਾ ਤੋਂ 3 ਪਾਰਸਲ ਲੈ ਕੇ ਪਿੱਠੂ ਬੈਗ ਵਿੱਚ ਪਾ ਕੇ ਬਾਘਾ ਪੁਰਾਣਾ ਪਹੁੰਚੇ ਤਾਂ ਸੋਨੂੰ ਆਪਣੇ ਕੁਝ ਕਾਗਜ਼ ਫ਼ੋਟੋਸਟੇਟ ਕਰਵਾਉਣ ਲਈ ਇੱਕ ਦੁਕਾਨ 'ਤੇ ਰੁਕਿਆ। ਉਸ ਦਾ ਚਾਚਾ ਬੀੜੀ ਪੀਣ ਲਈ ਦੁਕਾਨ ਦੇ ਬਾਹਰ ਬੈਠ ਗਿਆ। ਬੈਠਦਿਆਂ ਹੀ ਉੱਥੇ ਧਮਾਕਾਂ ਹੋ ਗਿਆ।