ਮੋਗਾ: ਥਾਣਾ ਧਰਮਕੋਟ ਅਧੀਨ ਪਿੰਡ ਜਲਾਲਾਬਾਦ ਪੂਰਬੀ ਵਿਖੇ ਸ਼ਨੀਵਾਰ ਰਾਤ ਕਰੀਬ 12 ਵਜੇ ਕਰਫ਼ਿਊ ਦੌਰਾਨ ਫ਼ੌਜੀ ਵਰਦੀ ’ਚ ਖੜੇ 4 ਨੌਜਵਾਨਾਂ ਨੇ ਵਧੀਕ ਐਸ.ਐਚ.ਓ. ਅਤੇ ਹੋਮਗਾਰਡ ’ਤੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਹਮਲਾਵਰ ਥਾਣੇਦਾਰ ਦੀ ਏ.ਕੇ.47 ਰਾਈਫਲ ਖੋਹ ਕੇ ਫ਼ਰਾਰ ਹੋ ਗਏ।
ਜਾਣਕਾਰੀ ਮੁਤਾਬਕ ਹਮਲਾਵਰਾਂ ਦੀ ਪਹਿਚਾਣ ਹੋ ਗਈ ਅਤੇ ਪੁਲਿਸ ਵੱਲੋਂ ਉਨ੍ਹਾਂ ਦੇ ਘਰਾਂ ਦੀ ਛਾਪੇਮਾਰੀ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ 3 ਮਹੀਨਿਆਂ ਵਿੱਚ ਮੋਗਾ ਜ਼ਿਲ੍ਹੇ ਵਿੱਚ ਇਹ ਪੁਲਿਸ ਉੱਤੇ ਦੂਜਾ ਵੱਡਾ ਹਮਲਾ ਹੈ। ਡੀ.ਐਸ.ਪੀ. ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ ਹਮਲਾਵਾਰਾਂ ਦੀ ਪਹਿਚਾਣ ਇੰਦਰਜੀਤ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸਾ, ਜੋ ਕਿ ਸਾਰੇ ਪਿੰਡ ਜਲਾਲਾਬਾਦ ਪੂਰਬੀ ਦੇ ਵਾਸੀ ਹਨ, ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਥਾਣੇਦਾਰ ਅਤੇ ਹੋਮ ਗਾਰਡ ਰਾਤ ਕਰੀਬ 12 ਵਜੇ ਪਿੰਡ ਜਲਾਲਾਬਾਦ ਪੂਰਬੀ ਵਿਖੇ 112 ਹੈਲਪ ਲਾਈਨ ਉੱਤੇ ਮਿਲੀ ਸ਼ਿਕਾਇਤ ਦੀ ਜਾਂਚ ਲਈ ਗਏ ਸਨ। ਇਸ ਦੌਰਾਨ ਰਸਤੇ ਵਿੱਚ ਹੀ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਐੱਸ.ਆਈ ਮੇਜਰ ਸਿੰਘ ਅਤੇ ਹੋਮਗਾਰਡ ਸੁਖਵਿੰਦਰ ਇਸ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਜ਼ੇਰੇ ਇਲਾਜ ਭਰਤੀ ਕਰਵਾਇਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਝੜਪ ਵਿੱਚ ਜੋ ਅਸਲਾ ਗੁੰਮਿਆ ਹੈ ਉਸ ਦੀ ਵੀ ਭਾਲ ਕੀਤੀ ਜਾ ਰਹੀ ਹੈ।