ਮੋਗਾ: ਨਵੀਂ ਪੀੜ੍ਹੀ ਨੂੰ ਕਿਤਾਬਾਂ ਦੇ ਨਾਲ ਜੋੜੀ ਰੱਖਣ ਲਈ ਸਮਾਈਲਜ਼ ਕੇਅਰ ਸਮਾਜ ਸੇਵਾ ਸੰਸਥਾ ਤੇ ਇੱਕ NRI ਵੱਲੋਂ ਇੱਕ ਉਪਰਾਲਾ ਕੀਤਾ ਗਿਆ। ਸੰਸਥਾ ਵੱਲੋਂ ਮੁਖੀ ਮਨਦੀਪ ਕੌਰ ਸਿੱਧੂ ਦੀ ਅਗਵਾਈ 'ਚ USA ਦੇ ਸੁਖਜਿੰਦਰ ਸਿੰਘ ਦੇ ਸਹਿਯੋਗ ਨਾਲ ਪੰਜਾਬ ਦੇ ਵਿੱਚ ਦੋ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਗਈ ਹੈ।
ਇਨ੍ਹਾਂ ਵਿੱਚੋਂ ਇੱਕ ਲਾਇਬ੍ਰੇਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਟਾਂਗਰਾ ਵਿੱਚ ਖੋਲ੍ਹੀ ਗਈ ਹੈ ਜਦ ਕਿ ਦੂਜੀ ਮੋਗਾ ਜ਼ਿਲ੍ਹੇ ਦੇ ਪਿੰਡ ਲੰਡੇਕੇ ਦੇ ਐਲੀਮੈਂਟਰੀ ਸਕੂਲ ਵਿੱਚ ਸਥਾਪਤ ਕੀਤੀ ਗਈ ਹੈ।
ਸੰਸਥਾ ਦੀ ਮੁਖੀ ਮਨਦੀਪ ਕੌਰ ਸਿੱਧੂ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਵੱਲੋਂ ਇਹ ਲਾਇਬ੍ਰੇਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕੀਤੀ ਗਈ ਹੈ। ਇਸ ਲਾਇਬ੍ਰੇਰੀ ਵਿੱਚ ਸੁਖਜਿੰਦਰ ਸਿੰਘ ਵੱਲੋਂ 550 ਕਿਤਾਬਾਂ ਦਿੱਤੀਆਂ ਗਇਆ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਵਿਦਿਆਰਥੀ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਨ।
ਸਕੂਲ ਦੇ ਸਟਾਫ਼ ਵੱਲੋਂ ਸੰਸਥਾ 'ਤੇ ਸੁਖਜਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਆਧੁਨਿਕ ਯੁੱਗ ਦੇ ਵਿੱਚ ਬੱਚਿਆਂ ਨੂੰ ਕਿਤਾਬਾਂ ਨਾਲ ਜੋੜ ਕੇ ਉਨ੍ਹਾਂ ਦਾ ਜੀਵਨ ਪੱਧਰ ਸੰਵਾਰਨ ਲਈ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਪਿੰਡ ਦਾ ਵਿਅਕਤੀ ਜਾਂ ਵਿਦਿਆਰਥੀ ਸਕੂਲ ਟਾਈਮ ਵਿੱਚ ਆ ਕੇ ਕਿਤਾਬਾਂ ਲੈ ਕੇ ਪੜ੍ਹ ਸਕਦਾ ਹੈ।
ਸਕੂਲ ਦੀ ਇਸ ਲਾਇਬ੍ਰੇਰੀ ਵਿੱਚ ਇਤਿਹਾਸਿਕ, ਧਾਰਮਿਕ, ਸਾਹਿਤਕ, ਹਾਸਰਸ, ਗਿਆਨਵਰਧਕ ਤੇ ਬਾਲ ਕਹਾਣੀਆਂ ਨਾਲ ਸਬੰਧਤ ਕਿਤਾਬਾਂ ਰੱਖੀਆਂ ਗਈਆਂ ਹਨ।