ਮੋਗਾ: ਸਿੱਖਸ ਫਾਰ ਜਸਟਿਸ ਸੰਸਥਾ ਵੱਲੋਂ ਪੰਜਾਬ ਬੰਦ ਦਾ ਦਿੱਤਾ ਸੱਦਾ ਮੋਗਾ ਵਿੱਚ ਬੇਅਸਰ ਰਿਹਾ। ਬਾਜ਼ਾਰ ਆਮ ਦੀ ਤਰ੍ਹਾਂ ਖੁੱਲ੍ਹੇ ਰਹੇ ਅਤੇ ਚਹਿਲਕਦਮੀ ਰਹੀ। ਦੋ ਦਿਨ ਦੇ ਲੌਕਡਾਊਨ ਉਪਰੰਤ ਲੋਕਾਂ ਨੇ ਭਰਵੀਂ ਗਿਣਤੀ ਵਿੱਚ ਬਾਜ਼ਾਰਾਂ ਵਿੱਚੋਂ ਆਪਣੀ ਖਰੀਦਦਾਰੀ ਕੀਤੀ। ਸ਼ਹਿਰ ਵਿੱਚ ਆਵਾਜਾਈ ਪੂਰੀ ਤਰ੍ਹਾਂ ਚਲਦੀ ਰਹੀ।
ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੱਤਿਆਰੇ ਦਿਲਾਵਰ ਸਿੰਘ ਦੀ 25ਵੀਂ ਬਰਸੀ ਮਨਾਉਣ ਲਈ ਐਸਐਫਜੇ ਨੇ 31 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਇਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਹਾਈ ਅਲਰਟ ਜਾਰੀ ਕਰਕੇ ਪੰਜਾਬ ਪੁਲਿਸ ਨੂੰ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਲਈ ਕਿਹਾ ਸੀ।
ਸ਼ਹਿਰ ਦੇ ਬਾਜ਼ਾਰਾਂ ਤੇ ਹੋਰ ਥਾਵਾਂ 'ਤੇ ਪੁਲਿਸ ਨੇ ਕੋਈ ਅਣਹੋਣੀ ਘਟਨਾ ਨਾ ਵਾਪਰਨ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਅਤੇ ਥਾਂ-ਥਾਂ ਨਾਕੇਬੰਦੀ ਕੀਤੀ ਗਈ ਸੀ। ਸ਼ਹਿਰ ਵਿੱਚ ਹਰ ਆਉਣ-ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਗਈ।
ਬੰਦ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਬਲਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਸ਼ਹਿਰ ਵਿੱਚ ਸਾਰੇ ਬਾਜ਼ਾਰ ਆਮ ਦਿਨਾਂ ਵਾਂਗ ਖੁੱਲ੍ਹੇ ਹਨ। ਕਿਸੇ ਤਰ੍ਹਾਂ ਦਾ ਵੀ ਕੋਈ ਬੰਦ ਦਾ ਅਸਰ ਨਹੀਂ ਵਿਖਾਈ ਦੇ ਰਿਹਾ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹੋਏ ਹਨ। ਜੇਕਰ ਕੋਈ ਵੀ ਸ਼ਰਾਰਤੀ ਅਨਸਰ ਆਉਂਦਾ ਹੈ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।