ਮੋਗਾ: NIA ਦੀ ਟੀਮ ਨੇ ਫਿਲੀਪੀਨਜ਼ ਤੋਂ ਡਿਪੋਰਟ ਕੀਤੇ ਗਏ ਗੈਂਗਸਟਰ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਮੋਗਾ ਦੇ ਐਸਐਸਪੀ ਜੇ ਇਲਨਚੇਲੀਅਨ ਨੇ ਦੱਸਿਆ ਕਿ ਫਿਲਪੀਨਜ਼ ਪੁਲਿਸ ਨੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਸ਼ੁੱਕਰਵਾਰ ਨੂੰ ਫਿਲਪੀਨਜ਼ ਤੋਂ ਗ੍ਰਿਫਤਾਰ ਕਰਕੇ ਭਾਰਤ ਡਿਪੋਰਟ ਕਰ ਦਿੱਤਾ ਸੀ ਅਤੇ ਐਨਆਈਏ ਨੇ ਅੱਜ ਗੈਂਗਸਟਰ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਪਾਲ ਸਿੰਘ ਹੇਅਰ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਬਾਘਾਪੁਰਾਣਾ ਦੇ ਪਿੰਡ ਚੰਦਨਵਾ ਦਾ ਵਸਨੀਕ ਹੈ।
ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 5 ਮਾਮਲੇ ਦਰਜ: ਅੰਮ੍ਰਿਤਪਾਲ ਸਿੰਘ ਹੇਅਰ ਕਈ ਸਾਲਾਂ ਤੋਂ ਫਿਲੀਪੀਨਜ਼ ਵਿੱਚ ਰਹਿ ਰਿਹਾ ਸੀ। ਐਸਐਸਪੀ ਜੇ ਇਲਚੇਲੀਅਨ ਮੁਤਾਬਿਕ ਫੜਿਆ ਗਿਆ ਗੈਂਗਸਟਰ ਅੰਮ੍ਰਿਤਪਾਲ ਸਿੰਘ ਹੇਅਰ ਅੱਤਵਾਦੀ ਅਰਸ਼ ਡੱਲਾ ਦਾ ਖਾਸ ਹੈ। ਫਿਲੀਪੀਨਜ਼ ਵਿੱਚ ਬੈਠ ਕੇ ਉਹ ਅਰਸ਼ ਡੱਲਾ ਦੇ ਇਸ਼ਾਰੇ 'ਤੇ ਹੀ ਪੰਜਾਬ ਵਿੱਚ ਫਿਰੋਤੀਆਂ ਮੰਗਦਾ ਸੀ। ਅੰਮ੍ਰਿਤਪਾਲ ਸਿੰਘ ਹੇਅਰ ਵਿਰੁੱਧ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 5 ਮਾਮਲੇ ਦਰਜ ਹਨ।
ਗੈਂਗਸਟਰ ਖ਼ਿਲਾਫ਼ ਓਪਨ ਡੇਟਿਡ ਵਾਰੰਟ ਅਤੇ ਰੈੱਡ ਕਾਰਨਰ ਨੋਟਿਸ ਵੀ ਜਾਰੀ: ਇਨ੍ਹਾਂ ਵਿੱਚੋਂ ਦੋ ਮਾਮਲੇ ਮੋਗਾ ਵਿੱਚ, ਫਿਰੋਜ਼ਪੁਰ ਵਿੱਚ 1, ਰੋਪੜ ਵਿੱਚ 1 ਅਤੇ ਜਗਰਾਉਂ ਵਿੱਚ 1 ਕੇਸ ਦਰਜ ਕੀਤਾ ਗਿਆ ਹੈ। NIA ਦੀ ਟੀਮ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਕਰ ਰਹੀ ਹੈ। ਜਿਸ ਤੋਂ ਬਾਅਦ ਉਹ ਉਸ ਨੂੰ ਪੁੱਛਗਿੱਛ ਲਈ ਮੋਗਾ ਲੈ ਕੇ ਆਵੇਗੀ। ਐਸ.ਐਸ.ਪੀ ਨੇ ਦੱਸਿਆ ਕਿ ਪੁਲਿਸ ਪਹਿਲਾਂ ਹੀ ਉਸਦੇ ਖਿਲਾਫ ਓਪਨ ਡੇਟਿਡ ਵਾਰੰਟ ਜਾਰੀ ਕਰ ਚੁੱਕੀ ਹੈ ਅਤੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰ ਚੁੱਕੀ ਹੈ। ਹੁਣ ਐਨਆਈਏ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਉਸ ਤੋਂ ਬਾਅਦ ਮੋਗਾ ਪੁਲਿਸ ਵੀ ਉਸ ਨੂੰ ਲੈ ਕੇ ਆਵੇਗੀ।
ਵਿਦੇਸ਼ ਵਿੱਚ ਲੁਕਿਆ ਹੋਣ ਕਰਕੇ ਬਚਦਾ ਰਿਹਾ ਗੈਂਗਸਟਰ: ਪੁਲਿਸ ਦਾ ਕਹਿਣਾ ਹੈ ਕਿ ਇਹ ਗੈਂਗਸਟਰ ਅੱਤਵਾਦੀ ਅਰਸ਼ ਡੱਲਾ ਦੇ ਸੰਪਰਕ ਵਿੱਚ ਹੋਣ ਕਰਕੇ ਅਤਿ-ਲੋੜੀਂਦਾ ਸੀ ਪਰ ਵਿਦੇਸ਼ ਵਿੱਚ ਲੁਕਿਆ ਹੋਣ ਕਰਕੇ ਪੁਲਿਸ ਦੇ ਹੱਥੋਂ ਇਹ ਲਗਾਤਾਰ ਬਚ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਮੁਲਜ਼ਮ ਸੂਬੇ ਅੰਦਰ ਰਾਕੇਟ ਲਾਂਚਰ ਅਤੇ ਹੋਰ ਅਸ਼ਾਂਤੀ ਫੈਲਾਉਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਐੱਨਆਈਏ ਤੋਂ ਬਾਅਦ ਮੋਗਾ ਪੁਲਿਸ ਗੈਂਗਸਟਰ ਨੂੰ ਲੈਕੇ ਆਵੇਗੀ ਅਤੇ ਪੁੱਛਗਿੱਛ ਦੌਰਾਨ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।