ਮੋਗਾ: ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ 'ਚ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਦਾਅਵੇ ਉਦੋਂ ਝੂਠੇ ਪੈ ਗਏ, ਜਦੋਂ ਇੱਕ ਗਰਭਵਤੀ ਮਹਿਲਾ ਨੇ ਸਿਵਲ ਹਸਪਤਾਲ ਮੋਗਾ ਦੀ ਪਾਰਕਿੰਗ 'ਚ ਹੀ, ਫਰਸ਼ ਉੱਤੇ ਬੱਚੇ ਨੂੰ ਜਨਮ ਦੇ ਦਿੱਤਾ। ਉੱਥੇ ਹੀ ਦੂਜੇ ਪਾਸੇ ਹਸਪਤਾਲ ਇਸ ਘਟਨਾ ਸਬੰਧੀ ਸਾਰੇ ਇਲਾਜ਼ਾਮਾਂ ਨੂੰ ਖਾਰਜ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਮਾਮਲੇ ਸਬੰਧੀ ਵੀਡੀਓ ਵਾਇਰਲ ਹੋ ਰਹੀ ਹੈ।
ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਪਾਸੇ ਤਾਂ ਜਿੱਥੇ ਪੰਜਾਬ ਸਰਕਾਰ ਅਤੇ ਮੋਦੀ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ, ਉੱਥੇ ਹੀ ਦੂਜੇ ਪਾਸੇ ਗ਼ਰੀਬ ਪਰਿਵਾਰਾਂ ਲਈ ਕੋਈ ਸੁਵਿਧਾ ਮੁਹੱਈਆ ਨਹੀਂ ਕਰਵਾਈ ਜਾਂਦੀ। ਗਰਭਵਤੀ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਗਈ।
ਪਰਿਵਾਰ ਮੁਤਾਬਕ ਸਵੇਰੇ 5:00 ਵਜੇ ਕਰੀਬ ਉਹ ਹਸਪਤਾਲ ਪਹੁੰਚੇ, ਪਰ ਡਾਕਟਰਾਂ ਨੇ ਪੀੜਤਾ ਦੇ ਸਰੀਰ 'ਚ ਖ਼ੂਨ ਦੀ ਘਾਟ ਦੀ ਗੱਲ ਕਹਿ ਕੇ ਮਰੀਜ਼ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਸਵ ਦਾ ਦਰਦ ਹੋਣ ਕਾਰਨ ਪਰਿਵਾਰ ਮੈਂਬਰਾਂ ਤੇ ਉੱਥੇ ਮੌਜੂਦ ਲੋਕਾਂ ਦੀ ਮਦਦ ਨਾਲ ਮਹਿਲਾ ਨੇ ਹਸਪਤਾਲ ਦੇ ਪਾਰਕਿੰਗ 'ਚ ਫਰਸ਼ ਉੱਤੇ ਹੀ ਆਪਣੇ ਬੱਚੇ ਨੂੰ ਜਨਮ ਦੇ ਦਿੱਤਾ। ਫਰਸ਼ ਉੱਤੇ ਡਿੱਗਿਆ ਲਹੂ ਵੀ ਉੱਥੇ ਮੌਜੂਦ ਕੁੱਤਿਆਂ ਨੇ ਚੱਟ ਦਿੱਤਾ।
ਪੀੜਤਾ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਕੋਲੋਂ ਹਸਪਤਾਲ ਪ੍ਰਸ਼ਾਸਨ ਨੇ ਇੱਕ ਕਾਗਜ਼ 'ਤੇ ਧੱਕੇ ਨਾਲ ਅੰਗੂਠਾ ਲਗਵਾ ਲਿਆ। ਜਦ ਉਨ੍ਹਾਂ ਨੇ ਵਾਰ-ਵਾਰ ਮਰੀਜ਼ ਦੀ ਹਾਲਤ ਖ਼ਰਾਬ ਹੋਣ ਦੇ ਚਲਦੇ ਉਸ ਨੂੰ ਭਰਤੀ ਕਰਨ ਲਈ ਕਿਹਾ ਤਾਂ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਗਿਆ। ਉਨ੍ਹਾਂ ਸਿਵਲ ਹਸਪਤਾਲ ਦੇ ਮੁਲਾਜ਼ਮਾਂ 'ਤੇ ਕੁੱਟ-ਮਾਰ ਕਰਨ ਦੇ ਦੋਸ਼ ਲਾਏ। ਪੀੜਤ ਪਰਿਵਾਰ ਨੇ ਡਾਕਟਰਾਂ ਸਣੇ ਉੱਥੇ ਮੌਜੂਦ ਮੁਲਾਜ਼ਮਾਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ, ਹਸਪਤਾਲ ਪ੍ਰਸ਼ਾਸਨ ਨੇ ਪਰਿਵਾਰ ਵੱਲੋਂ ਲਾਏ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋਂ ਮਹਿਲਾ ਨੂੰ ਹਸਪਤਾਲ ਲੈ ਕੇ ਆਇਆ ਗਿਆ ਉਸ ਵੇਲੇ ਮਹਿਲਾ ਅੰਦਰ ਮਹਿਜ਼ 6 ਗ੍ਰਾਮ ਖੂਨ ਸੀ ਜਿਸ ਕਾਰਨ ਉਸ ਨੂੰ ਫ਼ਰੀਦਕੋਟ ਰੈਫ਼ਰ ਕਰਨਾ ਪਿਆ। ਇਸ ਤੋਂ ਬਾਅਦ ਡਾਕਟਰ ਕਿਸੇ ਹੋਰ ਡਿਲੀਵਰੀ 'ਚ ਵਿਅਸਤ ਹੋ ਗਏ। ਇਸ ਤੋਂ ਇਲਾਵਾ ਪਰਿਵਾਰ ਵੱਲੋਂ ਲਾਏ ਕੁੱਟਮਾਰ ਦੇ ਇਲਜ਼ਾਮਾਂ ਨੂੰ ਵੀ ਪ੍ਰਸ਼ਾਸਨ ਨੇ ਨਕਾਰ ਦਿੱਤਾ।