ਮੋਗਾ: ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ 'ਚ ਨਾਬਾਲਗ ਕੁੜੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕੁਝ ਵਿਅਕਤੀਆਂ 'ਤੇ ਗੈਂਗਰੇਪ ਦਾ ਦੋਸ਼ ਲਾਇਆ ਹੈ।
ਪੀੜਤਾ ਨੇ ਕਿਹਾ ਕਿ ਉਹ ਦੋਵੇਂ ਭੈਣਾਂ ਆਪਣੀ ਮਾਂ ਨਾਲ ਕੰਮ 'ਤੇ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹੀ ਪਿੰਡ ਦਾ ਮੁੰਡਾ ਉਨ੍ਹਾਂ ਕੁੜੀਆਂ ਨੂੰ ਲੈ ਗਿਆ ਜਿੱਥੇ ਹੋਰ 2 ਮੁੰਡੇ ਵੀ ਮੌਜੂਦ ਸਨ। ਪੀੜਤਾ ਨੇ ਦੱਸਿਆ ਕਿ ਉਨ੍ਹਾਂ ਉਸ ਦੀ ਵੱਡੀ ਭੈਣ ਨਾਲ ਕੁੱਟਮਾਰ ਅਤੇ ਛੇੜਛਾੜ ਕੀਤੀ।
ਪੀੜਤਾ ਦੇ ਪਿਤਾ ਨੇ ਪੁਲਿਸ 'ਤੇ ਵੀ ਦੋਸ਼ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਹੁਣ ਤੱਕ ਇੱਕ ਮੁਲਜ਼ਮ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ ਜਦਕਿ ਬਾਕੀ ਸਾਰੇ ਫਰਾਰ ਹਨ। ਉਨ੍ਹਾਂ ਇਸ ਘਟਨਾ ਦਾ ਦੋਸ਼ ਚਰਨਾ ਅਤੇ ਬਿੱਲਾ ਨਾਂਅ ਦੇ ਵਿਅਕਤੀ 'ਤੇ ਲਾਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਕਾਰਵਾਈ ਢਿੱਲੀ ਚੱਲ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਜਾਂਚ ਅਧਿਕਾਰੀ 'ਤੇ ਲਾਰੇ ਲਾਏ ਜਾਣ ਦਾ ਦੋਸ਼ ਲਾਇਆ ਹੈ।
ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਮਾਪੇ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਥਾਣੇ ਦਾ ਘਿਰਾਓ ਕਰਨਗੇ।
ਦੂਜੇ ਪਾਸੇ ਮਾਮਲੇ ਦੀ ਪੜਤਾਲ ਕਰ ਰਹੇ ਜਾਂਚ ਅਧਿਕਾਰੀ ਕਮਲਜੀਤ ਕੌਰ ਨੇ ਮਾਪਿਆਂ ਦੇ ਦਾਅਵਿਆਂ ਨੂੰ ਗ਼ਲਤ ਕਰਾਰ ਦਿੰਦਿਆਂ ਮਾਮਲੇ ਦੀ ਪੜਤਾਲ ਕੀਤੇ ਜਾਣ ਦਾ ਭਰੋਸਾ ਦਵਾਇਆ ਹੈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਅਜਿਹੀਆਂ ਘਟਨਾਵਾਂ ਜਿੱਥੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰਦੀਆਂ ਹਨ ਉੱਥੇ ਹੀ ਪ੍ਰਸ਼ਾਸਨ ਅਤੇ ਲੋਕਾਂ ਦੀਆਂ ਨੈਤਿਕ ਕਦਰਾਂ ਕੀਮਤਾਂ 'ਤੇ ਵੀ ਕਈ ਸਵਾਲ ਖੜ੍ਹੇ ਕਰਦੀਆਂ ਹਨ। ਸਰਕਾਰ ਨੂੰ ਲੋੜ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਨੱਥ ਪਾਉਣ ਲਈ ਸਖ਼ਤ ਤੋਂ ਸਖ਼ਤ ਸਜ਼ਾ ਦਾ ਐਲਾਨ ਕੀਤਾ ਜਾਵੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਜਿਹੀਆਂ ਘਟਨਾਵਾਂ 'ਤੇ ਜਲਦ ਤੋਂ ਜਲਦ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਜਾਣ।