ਮੋਗਾ: ਪੰਜਾਬ ਵਿੱਚ ਨੌਜਵਾਨਾਂ ਦਾ ਬਾਹਰਲੇ ਦੇਸ਼ਾਂ ਵਿੱਚ ਆਪਣੇ ਚੰਗੇ ਭਵਿੱਖ ਲਈ ਪ੍ਰਵਾਸ ਕਰਨ ਦਾ ਰੁਝਾਨ ਬਹੁਤ ਵੱਧ ਗਿਆ ਹੈ। ਇਸੇ ਰੁਝਾਨ ਦਾ ਨਜਾਇਜ਼ ਫਾਇਦਾ ਕੁਝ ਗੈਰ-ਸਮਾਜਿਕ ਤੱਥ ਚੁੱਕਦੇ ਹਨ। ਜੋ ਕਿਸੇ ਨਾ ਕਿਸੇ ਰੂਪ ਵਿੱਚ ਨੌਜਾਵਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਠੱਗੀ ਅਤੇ ਧੋਖਾਧੜੀ ਦਾ ਸ਼ਿਕਾਰ ਬਣਾਉਂਦੇ ਹਨ। ਮੋਗਾ ਪੁਲਿਸ ਨੇ ਅਜਿਹੇ ਹੀ ਇੱਕ ਠੱਗ ਟਰੈਵਲ ਏਜੰਟ ਨੂੰ ਕਾਬੂ ਕੀਤਾ ਹੈ, ਜੋ ਨੌਜਵਾਨਾਂ ਤੋਂ ਪੈਸੇ ਲੈ ਕੇ ਜਾਅਲੀ ਵੀਜ਼ੇ ਦੇ ਠੱਗੀ ਮਾਰਨ ਦਾ ਕੰਮ ਕਰਦਾ ਸੀ।
ਥਾਣਾ ਸਿਟੀ ਮੋਗਾ ਦੀ ਪੁਲਿਸ ਨੇ ਮੁਖ਼ਬਰ ਦੀ ਸੂਚਨਾ ਦੇ ਆਧਾਰ 'ਤੇ ਮੁਹਾਲੀ ਤੋਂ ਇਸ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੇ ਖ਼ਿਲਾਫ਼ ਪਹਿਲਾਂ ਵੀ ਧੋਖਾਧੜੀ ਦੇ ਪੰਜ ਕੇਸ ਦਰਜ ਹੋ ਚੁੱਕੇ ਹਨ। ਪੁਲਿਸ ਨੇ ਮੁਲਜ਼ਮ ਹਰਵਿੰਦਰ ਸਿੰਘ ਹੈਰੀ ਵਾਸੀ ਮੋਗਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।
ਇਹ ਹੈ ਪੂਰਾ ਮਾਮਲਾ
ਪੁਲਿਸ ਦੇ ਮੁਤਾਬਕ 2016 ਵਿੱਚ ਡਰੋਲੀ ਭਾਈ ਨਿਵਾਸੀ ਜਗਦੀਪ ਜੋਸ਼ੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਬੇਟੀ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ ਮੁਲਜ਼ਮ ਟਰੈਵਲ ਏਜੰਟ ਹਰਵਿੰਦਰ ਸਿੰਘ ਹੈਰੀ ਨੇ ਉਨ੍ਹਾਂ ਤੋਂ ਅੱਠ ਲੱਖ 12 ਹਜ਼ਾਰ ਰੁਪਏ ਲਏ ਸਨ, ਲੇਕਿਨ ਪੈਸੇ ਲੈਣ ਤੋਂ ਬਾਅਦ ਮੁਲਜ਼ਮ ਨੇ ਉਨ੍ਹਾਂ ਨੂੰ ਜਾਅਲੀ ਵੀਜ਼ਾ ਦੇ ਦਿੱਤਾ।
ਉਕਤ ਮਾਮਲੇ ਵਿੱਚ ਵਾਰ-ਵਾਰ ਤਲਬ ਕਰਨ 'ਤੇ ਪੇਸ਼ ਨਾ ਹੋਣ ਕਰਕੇ ਅਦਾਲਤ ਨੇ ਮੁਲਜ਼ਮ ਹਰਵਿੰਦਰ ਸਿੰਘ ਹੈਰੀ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ। ਆਪਣੇ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਸਾਲ 2016 ਵਿੱਚ ਹਰਵਿੰਦਰ ਸਿੰਘ ਹੈਰੀ ਨੇ ਮੋਗਾ ਸ਼ਹਿਰ ਵਿੱਚ ਇਨਸਪਾਇਰ ਇਮੀਗ੍ਰੇਸ਼ਨ ਦੇ ਨਾਮ 'ਤੇ ਚੱਲ ਰਹੇ ਸੈਂਟਰ ਨੂੰ ਬੰਦ ਕਰੇ ਫਰਾਰ ਹੋ ਗਿਆ ਸੀ।
ਪੁਲਿਸ ਨੇ ਲਿਆ ਦੋ ਦਿਨ ਦਾ ਰਿਮਾਂਡ
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਦੇ ਐਸਐਚਓ ਜਸਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਰਵਿੰਦਰ ਸਿੰਘ ਹੈਰੀ ਦੇ ਖ਼ਿਲਾਫ਼ ਹੁਣ ਤੱਕ ਧੋਖਾਧੜੀ ਦੇ ਪੰਜ ਮਾਮਲੇ ਦਰਜ ਹੋ ਚੁੱਕੇ ਹਨ। ਲੋਕਾਂ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਕਰਨ ਤੋਂ ਬਾਅਦ ਮੁਲਜ਼ਮ ਹਰਵਿੰਦਰ ਸਿੰਘ ਹੈਰੀ ਮੋਗਾ ਤੋਂ ਮੁਹਾਲੀ ਸ਼ਿਫਟ ਕਰ ਗਿਆ ਸੀ। ਪੁਲਿਸ ਨੂੰ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਇਨ੍ਹਾਂ ਦਿਨਾਂ ਵਿੱਚ ਹਰਵਿੰਦਰ ਸਿੰਘ ਮੋਹਾਲੀ ਵਿੱਚ ਕੰਮਕਾਜ ਕਰ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਨੇ ਮੋਹਾਲੀ ਛਾਪੇਮਾਰੀ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਐਸਐਚਓ ਦੇ ਮੁਤਾਬਕ ਪੁਲਿਸ ਰਿਮਾਂਡ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
'ਮੇਰੇ ਨਾਲ ਵੀ ਹੋਈ ਹੈ ਠੱਗੀ'
ਥਾਣਾ ਸਿਟੀ ਵਿਖੇ ਪੁਲਿਸ ਰਿਮਾਂਡ 'ਤੇ ਚਲ ਰਹੇ ਮੁਲਜ਼ਮ ਹਰਵਿੰਦਰ ਸਿੰਘ ਹੈਰੀ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਬੇਕਸੂਰ ਹੈ। ਉਸ ਨੇ ਕਿਹਾ ਕਿ ਸਗੋਂ ਉਸ ਨੂੰ ਹੀ ਉਲਟਾ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੈ। ਹੈਰੀ ਦੇ ਮੁਤਾਬਕ ਲੁਧਿਆਣਾ ਵਿਖੇ ਸਥਿਤ ਇੱਕ ਇਮੀਗ੍ਰੇਸ਼ਨ ਸੈਂਟਰ ਜਿਨ੍ਹਾਂ ਨਾਲ ਉਸ ਦਾ ਕਾਰੋਬਾਰ ਸਾਂਝਾ ਸੀ ਨੇ ਉਸ ਨਾਲ ਵੀ ਠੱਗੀ ਕੀਤੀ ਹੈ। ਲੋਕਾਂ ਨੂੰ ਵਿਦੇਸ਼ ਭੇਜਣ ਦੇ ਲਈ ਲੱਖਾਂ ਰੁਪਏ ਲੈ ਕੇ ਲੁਧਿਆਣਾ ਨਿਵਾਸੀ ਇਮੀਗ੍ਰੇਸ਼ਨ ਸੈਂਟਰ ਸੰਚਾਲਕ ਨੇ ਹੀ ਉਸ ਨੂੰ ਜਾਅਲੀ ਵੀਜ਼ੇ ਦਿੱਤੇ, ਜਿਸ ਕਾਰਨ ਉਸ ਨੂੰ ਬੇਵਜ੍ਹਾ ਧੋਖਾਧੜੀ ਦੇ ਕੇਸਾਂ ਵਿੱਚ ਉਲਝਣਾ ਪੈ ਗਿਆ।