ਮੋਗਾ: ਪੰਜਾਬ ਵਿਜੀਲੈਂਸ ਵਿਭਾਗ ਪਿਛਲੇ ਲੰਮੇਂ ਸਮੇਂ ਤੋਂ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਤਹਿਤ ਐਕਸ਼ਨ ਮੋਡ ਵਿੱਚ ਹੈ। ਹੁਣ ਵਿਜੀਲੈਂਸ ਦੀ ਰਡਾਰ ਉੱਤੇ ਸਾਬਕਾ ਕਾਂਗਰਸੀ ਵਿਧਾਇਕ ਅਤੇ ਮੌਜੂਦਾ ਭਾਜਪਾ ਆਗੂ ਹਰਜੋਤ ਕਮਲ ਆਏ ਹਨ। ਮੋਗਾ ਤੋਂ ਕਾਂਗਰਸ ਦੀ ਸਰਕਾਰ ਸਮੇਂ ਵਿਧਾਇਕ ਰਹੇ ਹਰਜੋਤ ਕਮਲ ਉੱਤੇ ਸਰਕਾਰੀ ਗ੍ਰਾਂਟ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲੱਗੇ ਹਨ।
ਵਿਜੀਲੈਂਸ ਨੇ ਹਰਜੋਤ ਕਮਲ ਨੂੰ ਕੀਤਾ ਤਲਬ: ਹਰਜੋਤ ਕਮਲ ਨੂੰ ਕਾਂਗਰਸ ਸਰਕਾਰ ਵੇਲੇ ਆਈ ਗ੍ਰਾਂਟ ਦੇ ਫੰਡਾਂ ਦੀ ਦੁਰਵਰਤੋ ਕਰਨ ਸਬੰਧੀ 30.8.23 ਨੂੰ ਮਤਲਬ ਭਲਕੇ ਵਿਜੀਲੈਂਸ ਬਿਊਰੋ ਮੋਗਾ ਦੇ ਦਫ਼ਤਰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਹਰਜੋਤ ਕਮਲ ਉੱਤੇ ਭ੍ਰਿਸ਼ਟਾਚਾਰ ਦੇ ਵੀ ਇਲਜ਼ਾਮ ਲੱਗੇ ਹਨ ਅਤੇ ਵਿਜੀਲੈਂਸ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਸੀ। ਦੱਸ ਦਈਏ ਕਾਂਗਰਸ ਦੀ ਸਰਕਾਰ ਸਮੇਂ ਮੋਗਾ ਤੋਂ ਹਰਜੋਤ ਕਮਲ ਵਿਧਾਇਕ ਰਹੇ ਸਨ ਪਰ ਬਾਅਦ ਵਿੱਚ ਉਨ੍ਹਾਂ ਦਾ ਉਸ ਸਮੇਂ ਦੀ ਸਰਕਾਰ ਨਾਲ ਟਿਕਟ ਨੂੰ ਲੈਕੇ ਵਿਵਾਦ ਹੋ ਗਿਆ ਸੀ, ਜਿਸ ਕਾਰਣ ਉਨ੍ਹਾਂ ਨੇ ਕਾਂਗਰਸ ਨੂੰ ਤਿਆਗ ਕੇ ਭਾਜਪਾ ਦਾ ਲੜ ਫੜ੍ਹਿਆ ਅਤੇ 2022 ਵਿੱਚ ਭਾਜਪਾ ਵੱਲੋਂ ਚੋਣ ਲੜੀ। ਇਸ ਚੋਣ ਵਿੱਚ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਤੇ ਮੌਜੂਦ ਵਿਧਾਇਕਾ ਡਾਕਟਰ ਅਮਨਜੋਤ ਕੌਰ ਨੇ ਹਰਾਇਆ।
- Punjab Flood: ਹੜ੍ਹ ਦੀ ਮਾਰ ਝੱਲ ਰਹੇ 16 ਪਿੰਡਾਂ ਨੂੰ ਵਿਧਾਇਕ ਰਾਣਾ ਨੇ ਦਿੱਤੀ ਸੌਗਾਤ, ਹੜ੍ਹ ਪੀੜਤਾਂ ਨੂੰ ਸਮਰਪਿਤ ਕੀਤਾ ਵੱਡਾ ਬੇੜਾ
- Yaariyan 2 Movie Controversy: ਯਾਰੀਆਂ 2 ਫਿਲਮ ਦੇ ਗਾਣੇ 'ਤੇ ਸ਼੍ਰੋਮਣੀ ਕਮੇਟੀ ਦਾ ਇਤਰਾਜ਼, ਕਿਹਾ-ਗਾਣੇ 'ਚੋਂ ਨਹੀਂ ਹਟਾਏ ਇਹ ਸੀਨ ਤਾਂ ਕਰਾਂਗੇ ਕਾਨੂੰਨੀ ਕਾਰਵਾਈ
- Drug Overdose Death: ਮੋਗਾ ਦੇ ਪਿੰਡ ਭਲੂਰ 'ਚ ਚਿੱਟੇ ਨੇ ਉਜਾੜਿਆ ਪਰਿਵਾਰ, ਘਰ ਦੇ ਤਿੰਨ ਮੈਂਬਰਾਂ ਦੀ ਗਈ ਜਾਨ, ਸਭ ਕੁੱਝ ਪਿਆ ਗਹਿਣੇ
ਪਹਿਲਾਂ ਵੀ ਹੋਈ ਸਾਬਕਾ ਲੀਡਰਾਂ ਉੱਤੇ ਕਾਰਵਾਈ: ਦੱਸ ਦਈਏ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਦਿੱਗਜ ਕਾਂਗਰਸੀ ਲੀਡਰ ਭਾਰਤ ਭੂਸ਼ਣ ਆਸ਼ੂ ਜੇਲ੍ਹ ਵੀ ਕੱਟ ਚੁੱਕੇ ਹਨ। ਇਸ ਤੋਂ ਇਲਾਵਾ ਸਾਬਕਾ ਮੰਤਰੀ ਗੁਰਪ੍ਰੀਤ ਕਾਂਗਰੜ ਉੱਤੇ ਵੀ ਵਿਜੀਲੈਂਸ ਦਾ ਸ਼ਿਕੰਜਾ ਲਗਾਤਾਰ ਕੱਸਿਆ ਹੋਇਆ ਹੈ। ਇਸ ਤੋਂ ਇਲਾਵਾ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਰਗੇ ਵੱਡੇ ਨਾਮ ਵੀ ਵਿਜੀਲੈਂਸ ਦੀ ਰਡਾਰ ਉੱਤੇ ਆ ਚੁੱਕੇ ਹਨ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਇਨ੍ਹਾਂ ਇਲਜ਼ਾਮਾਂ ਦੇ ਹੇਠ ਜੇਲ੍ਹ ਕੱਟ ਆਏ ਹਨ। ਹਾਲਾਂਕਿ ਇਨ੍ਹਾਂ ਸਾਰੇ ਮੰਤਰੀਆਂ ਨੇ ਇਲਜ਼ਾਮ ਲਾਇਆ ਸੀ ਕਿ ਸੂਬਾ ਸਰਕਾਰ ਸਭ ਕੁੱਝ ਸਿਆਸੀ ਕਿੜ ਕੱਢਣ ਲਈ ਕਰ ਰਹੀ ਹੈ।