ਮੋਗਾ: ਮਨਰੇਗਾ ਮਜ਼ਦੂਰਾਂ ਵੱਲੋਂ ਅਕਸਰ ਹੀ ਵੱਖ-ਵੱਖ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ। ਅਜਿਹੀ ਹੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਮੋਗਾ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਨਹਿਰੀ ਵਿਭਾਗ ਮੋਗਾ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮਨਰੇਗਾ ਮਜ਼ਦੂਰਾਂ ਨੇ ਨਹਿਰੀ ਵਿਭਾਗ ਉੱਤੇ ਦਿਹਾੜੀ ਘੱਟ ਦੇਣ ਦੇ ਇਲਜ਼ਾਮ ਲਗਾਏ ਤੇ ਦੂਜੇ ਪਾਸੇ ਨਹਿਰੀ ਵਿਭਾਗ ਨੇ ਇਹ ਇਲਜ਼ਾਮ ਨਕਾਰੇ।
ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਦਰਸਨ ਸਿੰਘ ਤਾਰੇ ਵਾਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਨਿਧਾਂਵਾਲਾ ਦੇ ਮਨਰੇਗਾ ਮਜਦੂਰਾਂ ਨੂੰ ਬੀ.ਡੀ.ਪੀ.ਓ ਮੋਗਾ ਵੱਲੋਂ ਡਰੇਨ ਦੀ ਸਫਾਈ ਦਾ ਕੰਮ ਕਰਨ ਲਈ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਨੇ ਡਰੇਨ ਵਿੱਚੋਂ ਘਾਹ ਫ਼ੂਸ ਕੱਢਣ ਲਈ ਕੁੰਡੀਆਂ ਵੀ ਆਪਣੇ ਪੱਲਿਓ ਖਰਚ ਕਰਕੇ ਬਣਾਈਆਂ ਸਨ। ਉਹਨਾਂ ਕਿਹਾ ਕਿ ਡਰੇਨ ਵਿੱਚ ਬਹੁਤ ਗੰਦ ਤੇ ਗੰਦੀ ਮੁਸ਼ਕ ਕਰਕੇ ਉੱਥੇ ਖੜਨਾ ਤੇ ਗੰਦੇ ਗਰਮ ਪਾਣੀ ਵਿੱਚ ਮਜ਼ਦੂਰਾਂ ਦਾ ਡਰੇਨ ਵਿੱਚ ਕੰਮ ਕਰਨਾ ਬਹੁਤ ਔਖਾ ਹੈ।
ਯੂਨੀਅਨ ਦੇ ਆਗੂ ਦਰਸਨ ਸਿੰਘ ਤਾਰੇ ਵਾਲਾ ਨੇ ਕਿਹਾ ਕਿ ਨਹਿਰੀ ਮਹਿਕਮੇ ਦੇ ਮੁਲਾਜ਼ਮ ਜੋ ਪੱਖਿਆਂ ਤੇ ਏ.ਸੀ ਹੇਠ ਬੈਠੇ ਹਨ, ਉਹ ਮੌਕੇ ਦੀਆਂ ਹਾਲਤਾਂ ਨੂੰ ਸਮਝੇ ਮਨਰੇਗਾ ਵੱਲੋਂ ਕੀਤੇ ਕੰਮ ਤੋਂ ਸੰਤੁਸ਼ਟ ਨਹੀਂ। ਉਨ੍ਹਾਂ ਕਿਹਾ ਕਿ ਡਰੇਨ ਤੇ ਕੰਮ ਕਰਨ ਵਾਲੇ ਮਨਰੇਗਾ ਮਜ਼ਦੂਰਾ ਨੂੰ ਪੂਰੀ ਮਿਹਨਤ ਵੀ ਨਹੀਂ ਦਿੱਤੀ ਗਈ, ਉਨ੍ਹਾਂ ਵੱਲੋਂ 27 ਰੁਪੈ ਦਿਹਾੜੀ ਦਿੱਤੀ ਹੈ, ਜਦੋਂ ਕਿ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 303 ਰੁਪਏ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਵੱਲੋਂ ਡ੍ਰੇਨ ਉੱਤੇ ਕੰਮ ਕਰਨ ਲਈ 20 ਰੁਪਏ ਕਿਰਾਇਆ ਆਪਣੇ ਕੋਲੋਂ ਲਗਾ ਕੇ ਕੰਮ ਕੀਤਾ ਜਾ ਰਿਹਾ ਹੈ।
ਯੂਨੀਅਨ ਦੇ ਆਗੂ ਦਰਸਨ ਸਿੰਘ ਤਾਰੇ ਵਾਲਾ ਨੇ ਦੱਸਿਆ ਕਿ 4 ਜੁਲਾਈ ਨੂੰ ਬੀ.ਡੀ.ਪੀ.ਓ ਮੋਗਾ ਨੂੰ ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਲਖਵੀਰ ਸਿੰਘ ਲੱਖਾ ਸੂਬਾ ਕਮੇਟੀ ਮੈਂਬਰ ਦੀ ਅਗਵਾਈ ਵਿੱਚ ਨਰੇਗਾ ਕੰਮ ਨਾਲ ਜੁੜੀ ਮੈਡਮ ਨੂੰ ਮਿਲ ਕੇ ਦੱਸਿਆ ਸੀ ਕਿ ਨਹਿਰੀ ਵਿਭਾਗ ਮਹਿਕਮਾ ਦਿਹਾੜੀ 27 ਰੂਪੈ ਲਾ ਰਹੇ ਹਨ। ਪਰ ਮੈਡਮ ਨੇ ਕਿਹਾ ਸੀ ਕਿ ਅਸੀਂ ਗੱਲ ਕੀਤੀ ਹੈ, ਦਿਹਾੜੀ ਘੱਟ ਨਹੀਂ ਲਾਉਣਗੇ, ਪਰ ਫਿਰ ਵੀ ਨਹਿਰੀ ਮਹਿਕਮੇ ਵੱਲੋਂ ਮਜ਼ਦੂਰਾਂ ਨੂੰ ਦਿਹਾੜੀ 27 ਰੁਪਏ ਹੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਵੱਲੋਂ ਮਜ਼ਦੂਰਾਂ ਨੂੰ 27 ਰੁਪਏ ਦਿਹਾੜੀ ਦਾ ਰੂਲ ਬਣਾ ਕੇ ਮਜਦੂਰਾਂ ਦਾ ਖੂਨ ਪੀਤਾ ਜਾ ਰਿਹਾ ਹੈ ਅਤੇ ਮਜ਼ਦੂਰ ਇਹ ਬਰਦਾਸ਼ਤ ਨਹੀਂ ਕਰਨਗੇ।
- ਮੁੱਖ ਮੰਤਰੀ ਨੇ ਕੇਂਦਰੀ ਪੇਂਡੂ ਵਿਕਾਸ ਮੰਤਰੀ ਨੂੰ ਲਿਖਿਆ ਪੱਤਰ, ਮਨਰੇਗਾ ਤਹਿਤ ਉਜਰਤਾਂ 381.06 ਰੁਪਏ ਕਰਨ ਦੀ ਕੀਤੀ ਮੰਗ
- ਪੰਜਾਬ ਵਾਪਿਸ ਲਿਆਂਦੇ ਜਾਣਗੇ ਵਿਦੇਸ਼ਾਂ 'ਚ ਫਸੇ ਪੰਜਾਬੀ, ਠੱਗ ਟ੍ਰੈਵਲ ਏਜੰਟਾਂ ਤੇ ਹੋਵੇਗੀ ਸਖਤੀ, ਕੈਬਨਿਟ ਮੰਤਰੀ ਧਾਲੀਵਾਲ ਦਾ ਦਾਅਵਾ
- Triple murder in Ludhiana: ਲੁਧਿਆਣਾ ਦੇ ਸਲੇਮ ਟਾਬਰੀ 'ਚ ਟ੍ਰਿਪਲ ਮਰਡਰ, ਘਰ ਵਿੱਚੋਂ ਪਤੀ-ਪਤਨੀ ਅਤੇ ਮਾਂ ਦੀ ਲਾਸ਼ ਬਰਾਮਦ
ਯੂਨੀਅਨ ਦੇ ਆਗੂ ਦਰਸਨ ਸਿੰਘ ਤਾਰੇ ਵਾਲਾ ਨੇ ਕਿਹਾ ਕਿ ਕਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਨੇ ਨਿਧਾਂਵਾਲਾ ਕਮੇਟੀ ਨਾਲ ਮਿਲ ਕੇ ਨਹਿਰੀ ਮਹਿਕਮੇ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਹੈ। ਪਰ ਜੇ ਲੋੜ ਪਈ ਤਾਂ ਘੋਲ ਨੂੰ ਹੋਰ ਵਿਸ਼ਾਲ ਉੱਤੇ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਜਦੋਂ ਨਹਿਰੀ ਵਿਭਾਗ ਦੇ ਜੇਈ ਮਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਡਰੇਨਾਂ ਉੱਤੇ ਮਨਰੇਗਾ ਮਜ਼ਦੂਰਾਂ ਵੱਲੋਂ ਜੋ ਕੰਮ ਕੀਤਾ ਗਿਆ ਹੈ ਅਤੇ ਨਹਿਰੀ ਵਿਭਾਗ ਦੇ ਹਿਸਾਬ ਅਨੁਸਾਰ ਮਨਰੇਗਾ ਮਜ਼ਦੂਰਾਂ ਨੂੰ ਸਾਡੇ ਵਲੋਂ ਪੈਸੇ ਪਾ ਦਿੱਤੇ ਗਏ ਹਨ। ਜੋ ਇਹ ਇਲਜ਼ਾਮ ਲੱਗਾ ਰਹੇ ਹਨ ਉਹ ਬਿਲਕੁਲ ਹੀ ਗ਼ਲਤ ਅਤੇ ਬੇਬੁਨਿਆਦ ਹਨ।