ਮੋਗਾ: ਬੀਤੇ ਦਿਨ ਸੈਕਰਡ ਹਾਰਟ ਸਕੂਲ ਮੋਗਾ ਦੇ ਬੱਸ ਡਰਾਈਵਰ ਦੀ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਇਸ ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਇਕ ਮੋਟਰਸਾਈਕਲ ਰੌਂਗ ਸਾਈਡ ਤੋਂ ਆ ਕੇ ਬੱਸ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਮੋਹਤਬਾਰ ਵਿਅਕਤੀਆਂ ਨੇ ਇਸ ਮਸਲੇ ਨੂੰ ਸੁਲਝਾ ਲਿਆ ਸੀ ਪਰ ਉਕਤ ਵਿਅਕਤੀ ਵੱਲੋਂ ਆਪਣੇ ਛੇ ਸੱਤ ਸਾਥੀਆਂ ਨਾਲ ਮਿਲ ਕੇ ਸਕੂਲ ਬੱਸ ਰਾਹੀਂ ਬੱਚੇ ਛੱਡਣ ਗਏ ਡਰਾਈਵਰ ਨੂੰ ਬੱਸ ਵਿੱਚੋਂ ਉਤਾਰ ਕੇ ਉਸ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ।
ਦੱਸ ਦਈਏ ਕਿ ਕੁੱਟਮਾਰ ਦਾ ਸ਼ਿਕਾਰ ਹੋਏ ਡਰਾਈਵਰ ਗੁਰਬੀਰ ਸਿੰਘ ਗੋਗਾ ਨੂੰ ਕੁਝ ਵਿਅਕਤੀਆਂ ਨੇ ਸਿਵਲ ਹਸਪਤਾਲ ਮੋਗਾ ਭਰਤੀ ਕਰਵਾਇਆ ਗਿਆ। ਇਸ ਦੌਰਾਨ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਹੀ ਹਲਕਾ ਧਰਮਕੋਟ ਅਧੀਨ ਆਉਂਦੇ ਪਿੰਡ ਚੌਧਰੀ ਵਾਲਾ ਵਿਚ ਸੈਕਰਡ ਹਾਰਟ ਸਕੂਲ ਦੇ ਬੱਚਿਆਂ ਨੂੰ ਲੈਣ ਗਿਆ ਸੀ ਜਦੋਂ ਉਹ ਪਿੰਡ ਚੌਧਰੀਵਾਲਾ ਚ ਪਹੁੰਚਿਆ ਤਾਂ ਛੇ ਸੱਤ ਵਿਅਕਤੀਆਂ ਨੇ ਉਸਦੀ ਬੱਸ ਅੱਗੇ ਟਰੈਕਟਰ ਲਗਾ ਕੇ ਉਸਨੂੰ ਬੱਸ ਵਿੱਚੋਂ ਉਤਾਰ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ, ਜੇਕਰ ਨੇੜੇ ਦੇ ਕੁਝ ਲੋਕ ਨਾ ਆਉਂਦੇ ਤਾਂ ਉਕਤ ਵਿਅਕਤੀਆਂ ਵੱਲੋਂ ਉਸ ਨੂੰ ਜਾਨੋਂ ਮਾਰ ਦੇਣਾ ਸੀ। ਫਿਲਹਾਲ ਪੀਰਥ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਵਿਅਕਤੀਆਂ ’ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਉਧਰ ਦੂਜੇ ਪਾਸੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀਐੱਸਪੀ ਧਰਮਕੋਟ ਰਾਵਿੰਦਰ ਸਿੰਘ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਵਲ ਹਸਪਤਾਲ ਮੋਗਾ ਵਿਚ ਜ਼ੇਰੇ ਇਲਾਜ ਬੱਸ ਡਰਾਈਵਰ ਗੁਰਬੀਰ ਸਿੰਘ ਦੇ ਬਿਆਨ ਦਰਜ ਕਰਨ ਉਪਰੰਤ ਛੇ ਲੋਕਾਂ ’ਤੇ ਮਾਮਲਾ ਦਰਜ ਕਰ ਦਿੱਤਾ ਹੈ। ਇਸ ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਧਰਮਕੋਟ ਨੇ ਕਿਹਾ ਕਿ ਇਕ ਵਿਅਕਤੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਦਕਿ ਪੰਜ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਘਰ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।