ਮੋਗਾ : ਇਥੋਂ ਦੇ ਪਿੰਡ ਰੇਹੜਵਾਂ ਵਿਖੇ ਇਨਸਾਨੀਅਤ ਉਸ ਵੇਲੇ ਸ਼ਰਮਸਾਰ ਹੋ ਗਈ ਜਦੋਂ ਪਿੰਡ ਦੇ ਹੀ ਕੁੱਝ ਲੋਕਾਂ ਵੱਲੋਂ ਇੱਕ 50 ਸਾਲਾ ਵਿਅਕਤੀ ਦੇ ਗਲ ਵਿਚ ਲੋਹੇ ਦਾ ਸੰਗਲ ਪਾ ਉਸ ਨਾਲ ਕੁੱਟਮਾਰ ਕੀਤੀ ਗਈ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ।
ਪੀੜਤ ਹਰਬੰਸ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਦੇ ਹੀ ਇੱਕ ਵਿਅਕਤੀ ਮਹਿੰਦਰ ਸਿੰਘ ਨੇ ਉਸ ਉੱਪਰ ਝੂਠੇ ਇਲਜ਼ਾਮ ਲਾਏ ਹਨ ਕਿ ਬਿਜਲੀ ਚੋਰੀ ਦੀ ਸ਼ਿਕਾਇਤ ਮੈਂ ਕੀਤੀ ਹੈ ਜਦੋਂ ਕਿ ਖੇਤ ਵਿੱਚ ਮੋਟਰ ਚਲਾਉਣ ਲਈ ਬਿਜਲੀ ਦੀ ਚੋਰੀ ਕਰਦੇ ਹੋਏ ਮਹਿੰਦਰ ਸਿੰਘ ਨੂੰ ਬਿਜਲੀ ਵਿਭਾਗ ਨੇ ਖ਼ੁਦ ਛਾਪਾ ਮਾਰ ਕੇ ਰੰਗੇ ਹੱਥੀਂ ਫੜ੍ਹਿਆ ਸੀ।
ਇਸ ਨੂੰ ਲੈ ਕੇ ਮਹਿੰਦਰ ਸਿੰਘ ਨੇ ਆਪਣੇ ਮੁੰਡੇ ਛਿੰਦਰ ਅਤੇ ਕਈ ਸਾਥੀਆਂ ਨਾਲ ਮਿਲ ਕੇ ਉਸ ਨੂੰ ਰਸਤੇ ਵਿੱਚ ਘੇਰ ਲਿਆ ਅਤੇ ਉਸ ਦੇ ਗਲ ਵਿੱਚ ਸੰਗਲ ਪਾ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਉਸ ਦੌਰਾਨ ਮੌਕੇ ਉੱਤੇ ਹਾਜ਼ਰ ਕੁੱਝ ਮੂਕ ਦਰਸ਼ਕ ਬਣ ਕੇ ਵੀਡੀਓ ਬਣਾਉਂਦੇ ਰਹੇ ਜਿਸ ਤੋਂ ਬਾਅਦ ਉਨ੍ਹਾਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।
ਇਹ ਵੀ ਪੜ੍ਹੋ : ਕੈਪਟਨ ਨੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
ਜਾਣਕਾਰੀ ਦਿੰਦੇ ਹੋਏ ਐੱਸਪੀਡੀ ਹਰਵਿੰਦਰ ਸਿੰਘ ਪਰਮਾਰ ਨੇ ਦੱਸਿਆ ਦੀ ਇਸ ਸਬੰਧੀ 5 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਵਿੱਚੋਂ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ।