ਮੋਗਾ : ਮੋਗਾ ਦੇ ਬੱਧਣੀ ਕਲਾਂ ’ਚ ਲੰਘੀ ਰਾਤ ਘਰ ਵਿੱਚ ਵੜ ਕੇ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਅਤੇ ਉਸਦੀ ਮਾਤਾ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਹਨ। ਜਾਣਕਾਰੀ ਮੁਤਾਹਿਕ ਕੁਲਵਿੰਦਰ ਕਿੰਦਾ ਨੇ ਹੀ ਖੁਦ ਆਪਣੀ ਮਾਤਾ ਉੱਤੇ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਉਹ ਆਪ ਵੀ ਜਖਮੀ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਲੰਘੀ ਰਾਤ ਕੋਈ 11:00 ਵਜੇ ਕਿੰਦਾ ਨੇ ਆਪਣੀ ਫੇਸਬੁੱਕ ਵਾਲ ਉੱਤੇ ਲਾਈਵ ਹੋ ਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਇਸ ਦੌਰਾਨ ਕਿੰਦਾ ਨੇ ਕਿਹਾ ਸੀ ਕਿ ਅਮਨ ਲੋਪੋ, ਖਹਿਰਾ ਰਾਊਕੇ ਅਤੇ ਸੁੱਖਾ ਲੋਪੋ ਨੇ ਉਸਦੀ ਮਾਤਾ ਨੂੰ ਮਾਰਿਆ ਹੈ। ਉਸਨੇ ਇਲਜਾਮ ਲਗਾਏ ਸਨ ਕਿ ਰੰਜਿਸ਼ ਕਾਰਨ ਉਨ੍ਹਾਂ ਅਜਿਹਾ ਕੀਤਾ ਹੈ। ਦੂਜੇ ਪਾਸੇ ਥਾਣਾ ਬੱਧਨੀ ਕਲਾਂ ਦੀ ਪੁਲਿਸ ਨੇ ਜ਼ਖਮੀ ਰਛਪਾਲ ਕੌਰ ਨੂੰ ਹਸਪਤਾਲ ਦਾਖਿਲ ਕਰਵਾਇਆ ਸੀ।
ਦੂਜੇ ਪਾਸੇ ਰਛਪਾਲ ਕੌਰ ਨੇ ਪੁਲਿਸ ਨੂੰ ਬਿਆਨ ਦਿੱਤੇ ਸੀ ਕਿ ਰਾਤ 10 ਵਜੇ ਦੋ ਅਣਪਛਾਤੇ ਲੋਕਾਂ ਨੇ ਘਰ ਵਿਚ ਵੜ ਕੇ ਹਥਿਆਰਾਂ ਨਾਲ ਜਖਮੀ ਕੀਤਾ ਹੈ। ਪੁਲਿਸ ਨੇ ਇਸ ਬਿਆਨ ਨੂੰ ਅਧਾਰ ਬਣਾ ਕੇ ਮਾਮਲਾ ਵੀ ਦਰਜ ਕੀਤਾ ਸੀ।
ਮਾਂ ਦੇ ਚਰਿੱਤਰ ਉੱਤੇ ਕਰਦਾ ਸੀ ਸ਼ੱਕ : ਜਾਣਕਾਰੀ ਮੁਤਾਬਿਕ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਕੁਲਵਿੰਦਰ ਸਿੰਘ ਕਿੰਦਾ ਦੇ ਘਰ ਦਾਖਲ ਨਹੀਂ ਆਇਆ ਸੀ ਅਤੇ ਕੁਲਵਿੰਦਰ ਸਿੰਘ ਉਰਫ ਕਿੰਦਾ ਆਪਣੀ ਮਾਂ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ। ਇਸੇ ਕਰਕੇ 21 ਜੂਨ ਨੂੰ ਬੱਧਨੀ ਕਲਾਂ ਤੋਂ ਮੀਟ ਕੱਟਣ ਵਾਲਾ ਲੋਹਾ ਦਾ ਕਾਪਾ ਲੈ ਕੇ ਆਇਆ। ਇਸ ਤੋਂ ਬਾਅਦ ਘਰ ਆ ਕੇ ਉਸਨੇ ਖੁਦ ਮਾਤਾ ਨੂੰ ਜਖਮੀ ਕੀਤਾ ਸੀ। ਹਾਲਾਂਖਿ ਕੁਲਵਿੰਦਰ ਕਿੰਦਾ ਨੇ ਇਸ ਮਾਮਲੇ ਵਿੱਚ ਕਈ ਲੋਕਾਂ ਉੱਤੇ ਇਲਜਾਮ ਲਗਾਏ ਸਨ। ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਕੁਲਵਿੰਦਰ ਕਿੰਦਾ ਨੂੰ ਗ੍ਰਿਫਤਾਰ ਕਰ ਲਿਆ ਹੈ। ਕਿੰਦਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।