ਮੋਗਾ: ਲੰਘੀ 10 ਨਵੰਬਰ ਨੂੰ ਜ਼ਿਲ੍ਹੇ ਦੇ ਪਿੰਡ ਬੁੱਧ ਸਿੰਘ ਵਾਲੀ ਦੀ ਗੀਤਾ ਦੇ ਅੰਤਿਮ ਸਸਕਾਰ ਮੋਕੇ ਉਸ ਦੇ ਸਿਵੇ ਵਿੱਚੋਂ ਸਰਜਰੀਕਲ ਕੈਂਚੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਮੋਗਾ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੀ ਡਾਕਟਰ ਅਤੇ ਸਟਾਫ 'ਤੇ ਅਣਗਿਹਲੀ ਦੇ ਇਲਜ਼ਾਮ ਲੱਗੇ ਸਨ। ਸਿਹਤ ਵਿਭਾਗ ਨੇ ਇਸ ਸਾਰੇ ਮਾਮਲੇ ਦੀ ਜਾਂਚ ਅਰੰਭ ਦਿੱਤੀ ਹੈ। ਵਿਭਾਗ ਦੇ ਡਾਇਰੈਕਟ ਵੱਲੋਂ ਜਾਂਚ ਲਈ ਤਿੰਨ ਮੈਂਬਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਜਾਂਚ ਟੀਮ ਦੀ ਅਗਵਾਈ ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟ ਡਾਕਟਰ ਸੱਤਪਾਲ ਕਰ ਰਹੇ ਹਨ। ਇਸ ਜਾਂਚ ਟੀਮ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਿਵਲ ਹਸਪਤਾਲ ਮੋਗਾ ਦਾ ਦੌਰਾ ਕੀਤਾ ਗਿਆ।
ਜਾਣਕਾਰੀ ਅਨੁਸਾਰ ਜਾਂਚ ਟੀਮ ਨੇ ਸਬੰਧਤ ਮਹਿਲਾ ਡਾਕਟਰ ਅਤੇ ਉਸ ਸਮੇਂ ਮੌਜੂਦ ਮੈਡੀਕਲ ਸਟਾਫ਼ ਦੇ ਬਿਆਨ ਲਏ ਹਨ। ਇਸੇ ਨਾਲ ਹੀ ਟੀਮ ਨੇ ਪੀੜਤ ਪਰਿਵਾਰ ਦੇ ਵੀ ਬਿਆਨ ਲਏ ਹਨ।
ਡਾਕਟਰ ਸੱਤਪਾਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਮ੍ਰਿਤਕ ਗੀਤਾ ਨੂੰ ਫ਼ਰੀਦਕੋਟ ਰੈਫਰ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਲਈ ਟੀਮ ਫ਼ਰੀਦਕੋਟ ਵੀ ਜਾਵੇਗੀ ਅਤੇ ਉੱਥੇ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਾਂਚ ਵਿੱਚ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਰਿਪੋਰਟ ਬਣਾ ਕੇ ਡਾਇਰੈਕਟ ਨੂੰ ਭੇਜੀ ਜਾਵੇਗੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਸਪਤਾਲ ਦੀ ਮਹਿਲਾ ਡਾਕਟਰ ਹਰਸਿਮਰਤ ਖੋਸਾ 'ਤੇ ਪਹਿਲਾਂ ਹੀ ਮਹਿਲਾ ਵੱਲੋਂ ਬੱਚੇ ਫਰਸ਼ 'ਤੇ ਜਨਮ ਦੇਣ ਦੇ ਮਾਮਲੇ ਵਿੱਚ ਕਾਰਵਾਈ ਚੱਲ ਰਹੀ ਰਹੀ ਹੈ।