ਮੋਗਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਵੱਲੋਂ ਪੰਜਾਬ ਤੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਸ਼ੁਰੂਆਤ ਨੂੰ ਖ਼ੁਸ਼ੀ ਦਾ ਦਿਨ ਦੱਸਿਆ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਇਹ ਜਿਹੜੀ ਸੋਚ ਹੈ, ਇਹ ਕਿਸਾਨ ਅਤੇ ਪੰਜਾਬ ਮਾਰੂ ਹੈ। ਇਹ ਗੱਲ ਸਾਨੂੰ ਸਮਝਣੀ ਹੋਵੇਗੀ, ਕਿਉਂਕਿ ਕੋਈ ਵੀ ਅਜਿਹੀ ਸਰਕਾਰ ਜਿਹੜੀ ਇਸ ਗੱਲ ਨੂੰ ਭਲੀਭਾਂਤ ਸਮਝਦੀ ਹੈ ਕਿ ਕਿਸਾਨ ਇਸ ਨਾਲ ਡੁੱਬੇਗਾ, ਉਹ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਕਦੇ ਵੀ ਲਾਗੂ ਨਹੀਂ ਕਰ ਸਕਦੀ।
ਉਨ੍ਹਾਂ ਕਿਹਾ ਕਿ ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਜਦੋਂ ਪੰਜਾਬ ਦੇ ਦੇਸ਼ ਦੇ 2 ਫ਼ੀਸਦੀ ਤੋਂ ਘੱਟ ਲੋਕ ਵੀ ਦੇਸ਼ ਦਾ 50 ਫ਼ੀਸਦੀ ਅੰਨ ਭੰਡਾਰ ਭਰ ਰਹੇ ਹਨ ਤਾਂ ਫਿਰ ਪੰਜਾਬ ਨਾਲ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੂਰੇ ਪੰਜਾਬ, ਹਰਿਆਣਾ ਸਮੇਤ ਜਿਥੇ ਵੀ ਕਿਸਾਨ ਵੱਸਦੇ ਹਨ ਇਹ 65 ਫ਼ੀਸਦੀ ਦੇਸ਼ ਕਿਸਾਨੀ ਦਾ ਹੈ। ਅੱਜ ਉਹ ਸਾਰੇ ਲੋਕ ਕਾਲੇ ਕਾਨੂੰਨਾਂ ਵਿਰੁੱਧ ਉਠ ਕੇ ਇਕਜੁਟ ਹੋ ਰਹੇ ਹਨ ਪਰ ਸਰਕਾਰ ਇਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਪਰ ਜਦੋਂ ਤੱਕ ਇਹ ਜਿਹੜੇ ਪਾਰਲੀਮੈਂਟ ਵਿੱਚ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ, ਉਹ ਨਹੀਂ ਬਦਲੇ ਜਾਂਦੇ ਓਨਾ ਚਿਰ ਸਰਕਾਰ ਦੇ ਵਾਅਦਿਆਂ-ਦਾਅਵਿਆਂ ਦਾ ਕੋਈ ਮਤਲਬ ਨਹੀਂ ਬਣਦਾ।
ਉਨ੍ਹਾਂ ਇਸ ਮੌਕੇ ਰਾਹੁਲ ਗਾਂਧੀ ਨੂੰ 'ਜੀ ਆਇਆਂ' ਆਖਦਿਆਂ ਬੇਨਤੀ ਕੀਤੀ ਕਿ ਭਾਵੇਂ ਕੁੱਝ ਵੀ ਹੋ ਜਾਵੇ, ਸਾਰੇ ਮੁਲਖ ਦੀ ਕਿਸਾਨੀ ਨੂੰ ਇਕੱਠੇ ਕਰੋ, ਅਸੀਂ ਤੁਹਾਡੇ ਨਾਲ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਕਦੇ ਵੀ ਭਰੋਸਾ ਨਾ ਕਰੋ, ਕਿਉਂਕਿ ਉਹ ਇਨ੍ਹਾਂ ਪਾਰਟੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਵਜ਼ੀਰ ਹਰਦੀਪ ਪੁਰੀ ਨੇ ਖ਼ੁਦ ਕਿਹਾ ਹੈ ਕਿ ਜਦੋਂ ਇਹ ਖੇਤੀ ਕਾਨੂੰਨਾਂ ਦਾ ਮਾਮਲਾ ਕੇਂਦਰੀ ਕੈਬਿਨੇਟ ਵਿੱਚ ਆਇਆ ਸੀ ਅਤੇ ਉਸ ਖੇਤੀ ਬਿੱਲਾਂ ਨੂੰ ਪਾਸ ਕਰਨ ਸਮੇਂ ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ। ਸੋ ਇਨ੍ਹਾਂ ਪਾਰਟੀਆਂ ਤੋਂ ਜਿੰਨਾ ਬਚਿਆ ਜਾ ਸਕਦਾ ਹੈ ਬਚੋ।
ਅਖ਼ੀਰ ਉਨ੍ਹਾਂ ਕਿਹਾ ਕਿ ਜਿਹੜੀਆਂ ਵੀ ਜਥੇਬੰਦੀਆਂ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿੱਚ ਹਨ ਉਨ੍ਹਾਂ ਦਾ ਸਾਥ ਦਿਉ, ਕਿਉਂਕਿ ਇਹ ਸੰਘਰਸ਼ ਪੰਜਾਬ ਦੀ ਕਿਸਾਨੀ ਵਾਸਤੇ ਹੈ।