ਮੋਗਾ: ਗੈਂਗਸਟਰ ਲਾਰੈਂਸ ਬਿਸ਼ਨੋਈ ਜੋ ਹਰ ਰੋਜ਼ ਕਿਸੇ ਨਾ ਕਿਸੇ ਅਦਾਲਤ 'ਚ ਆਪਣੀ ਤਾਰੀਕ ਭੁਗਤਣ ਆਉਂਦਾ ਹੈ ਅੱਜ ਫਿਰ ਲਾਰੈਂਸ ਦੀ ਪੇਸ਼ੀ ਮੋਗਾ ਦੀ ਅਦਾਲਤ 'ਚ ਹੋਈ। ਇਸ ਪੇਸ਼ੀ ਲਈ ਲਾਰੈਂਸ ਨੂੰ ਬਠਿੰਡਾ ਜੇਲ੍ਹ ਤੋਂ ਮੋਗਾ ਲਿਆਂਦਾ ਗਿਆ ਅਤੇ ਸਖ਼ਤ ਸੁਰੱਖਿਆ ਹੇਠ ਲਾਰੈਂਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਦਰਅਸਲ 2022 'ਚ ਗੈਂਗਸਟਰ ਪਿੰਟਾ ਦੇ ਕਤਲ ਮਾਮਲੇ 'ਚ ਲਾਰੈਂਸ ਅਤੇ ਪਰਵਤ ਸਿੰਘ ਦੀ ਪੇਸ਼ੀ ਹੋਈ। ਜਿੱਥੇ ਅਦਲਾਤ ਵੱਲੋਂ ਸੁਣਵਾਈ ਦੀ ਅਗਲੀ ਤਾਰੀਕ 25-9-2023 ਪਾ ਦਿੱਤੀ ਗਈ ਹੈ।
ਕੀ ਹੈ ਪੂਰਾ ਮਾਮਲਾ: ਕਾਬਲੇਜ਼ਿਕਰ ਹੈ ਕਿ ਅਪ੍ਰੈਲ 2022 ਵਿੱਚ ਬਾਘਾ ਪੁਰਾਣਾ ਨਜ਼ਦੀਕ ਪਿੰਡ ਮਾੜੀ ਮੁਸਤਫ਼ਾ ਵਿਖੇ ਗੈਂਗਸਟਾਰ ਹਰਜੀਤ ਸਿੰਘ ਉਰਫ ਪਿੰਟਾ ਕਤਲ ਹੋਇਆ ਸੀ। ਪਿੰਟਾ ਮੇਲਾ ਦੇਖ ਕੇ ਆਪਣੇ ਘਰ ਪਰਤ ਰਿਹਾ ਸੀ ਕਿ ਅਚਾਨਕ ਕੁੱਝ ਲੋਕਾਂ ਵੱਲੋਂ ਪਿੰਟਾ ਨੂੰ ਗੋਲੀਆਂ ਮਾਰੀਆਂ ਜਾਂਦੀ ਹਨ, ਜਿਸ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ। ਹਰਜੀਤ ਉਰਫ਼ ਪਿੰਟਾ ਦੇ ਕਤਲ ਮਾਮਲੇ 'ਚ ਲਾਰੈਂਸ ਅਤੇ ਪਰਵਤ ਸਿੰਘ ਦੋਵਾਂ ਦੀ ਪੇਸ਼ੀ ਹੋਈ। ਜਿੱਥੇ ਲਾਰੈਂਸ ਨੂੰ ਬਠਿੰਡਾ ਜੇਲ੍ਹ ਤੋਂ ਲਿਆਂਦਾ ਗਿਆ, ਉੱਥੇ ਹੀ ਪਰਵਤ ਨੂੰ ਫਰੀਦਕੋਟ ਜੇਲ੍ਹ ਚੋਂ ਸਖ਼ਤ ਸੁਰੱਖਿਆ ਹੇਠ ਲਿਆਂਦਾ ਗਿਆ ਹੈ ਅਤੇ ਦੋਵਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ।
ਹਰ ਪਾਸੇ ਪੁਲਿਸ ਹੀ ਪੁਲਿਸ- ਜਦੋਂ ਲਾਰੈਂਸ ਅਤੇ ਪਰਵਤ ਨੂੰ ਪੇਸ਼ੀ ਲਈ ਲਿਆਂਦਾ ਗਿਆ ਤਾਂ ਚੱਪੇ-ਚੱਪੇ 'ਤੇ ਸੁਰੱਖਿਆ ਦੇ ਸਖ਼ਤ ਪ੍ਰੰਬਧ ਕੀਤੇ ਗਏ। ਬੀਤੇ ਦਿਨ ਵੀ ਜਦੋਂ ਲਾਰੈਂਸ ਦੀ ਚੰਡੀਗੜ੍ਹ 'ਚ ਪੇਸ਼ੀ ਹੋਈ ਤਾਂ ਉਸ ਸਮੇਂ ਵੀ ਚੰਡੀਗੜ੍ਹ ਦੇ ਸੈਕਟਰ 45 ਨੂੰ ਪੁਲਿਸ ਛਾਉਣੀ 'ਚ ਤਬਦੀਲ਼ ਕਰ ਦਿੱਤਾ ਗਿਆ ਸੀ।ਕਿਉਂਕਿ ਲਾਰੈਂਸ ਨੂੰ ਵਿਰੋਧੀ ਗੈਂਗ ਵੱਲੋਂ ਜਾਨੋਂ ਮਾਰਨੀ ਦੀ ਧਮਕੀ ਦਿੱਤੀ ਗਈ ਹੈ। ਇਸ ਲਈ ਜਦੋਂ ਵੀ ਲਾਰੈਂਸ ਦੀ ਕਿਸੇ ਵੀ ਅਦਾਲਤ 'ਚ ਪੇਸ਼ੀ ਹੁੰਦੀ ਹੈ ਤਾਂ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ।
ਪੁਲਿਸ ਅਧਿਕਾਰੀ ਦਾ ਪੱਖ: ਇਸ ਮਾਮਲੇ ਨੂੰ ਲੈ ਡੀ.ਐੱਸ.ਪੀ. ਜੋਰਾ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਜੀਤ ਸਿੰਘ ਪਿੰਟਾਂ ਦੇ ਕਤਲ ਮਾਮਲੇ ਵਿੱਚ ਥਾਣਾ ਬਾਘਾ ਪੁਰਾਣਾ ਵਿੱਚ ਦਰਜ ਮੁਕਦਮਾ ਨੰਬਰ 53 ਦੀ ਚਾਰਜਸੀਟੀ ਦਾਖ਼ਲ ਕੀਤ ੀ ਗਈ ਸੀ ਇਸੇ ਮਾਮਲੇ 'ਤੇ ਲਾਰੈਂਸ ਬਿਸ਼ਨੋਈ ਅਤੇ ਪਰਵਤ ਸਿੰਘ ਦੀ ਪੇਸ਼ੀ ਹੋਈ। ਜਿੱਥੇ ਅਦਾਲਤ ਵੱਲੋਂ ਦੋਵਾਂ ਨੂੰ 25-9-2023 ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ।