ਮੋਗਾ: ਪੰਜਾਬ ਅਤੇ ਪੂਰੇ ਦੇਸ਼ ਦੀ ਏ ਸ਼੍ਰੇਣੀ ਦੇ ਗੈਂਗਸਟਰਾਂ ਵਿੱਚ ਸ਼ੁਮਾਰ ਗੈਂਗਸਟਰ ਸੁੱਖਪ੍ਰੀਤ ਬੁੱਢਾ ਨੂੰ ਮੋਗਾ ਪੁਲਿਸ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਸਾਹਿਲ ਨਾਂਅ ਦੇ ਸਖ਼ਸ ਨੂੰ ਫੋਨ ਉੱਤੇ ਧਮਕੀਆਂ ਦੇਣ ਦੇ ਮਾਮਲੇ ਵਿੱਚ ਲੋੜੀਂਦਾ ਹੋਣ ਤੋਂ ਬਾਅਦ ਪ੍ਰੋਡਕਸ਼ਨ ਵਾਰੰਟ ਉੱਤੇ ਜ਼ਿਲ੍ਹੇ ਵਿੱਚ ਲੈਕੇ ਆਈ। ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰ ਬੁੱਢਾ ਨੂੰ ਅਦਾਲਤ ਵਿੱਚ ਪੇਸ਼ ਕਰਕੇ 10 ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਗੈਂਗਸਟਰ ਉੱਤੇ ਪੰਜਾਬ ਵਿੱਚ ਵੱਖ ਵੱਖ ਧਰਾਵਾਂ ਤਹਿਤ 26 ਮਾਮਲੇ ਦਰਜ ਹਨ।
ਵਿੱਕੀ ਗੌਂਡਰ ਦਾ ਸਾਥੀ ਬੁੱਢਾ: ਦੱਸ ਦਈਏ ਗੈਂਗਸਟਰ ਸੁੱਖਪ੍ਰੀਤ ਬੁੱਢਾ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦਾ ਸਾਥੀ ਹੈ। ਨਾਭਾ ਜੇਲ ਬ੍ਰੇਕ ਕਾਂਡ ਵਿੱਚ ਗੈਂਗਸਟਰ ਬੁੱਢਾ ਨੇ ਵਿੱਕੀ ਗੌਂਡਰ ਦਾ ਸਾਥ ਦਿੱਤਾ ਸੀ। ਗੌਂਡਰ ਨਾਲ ਹੱਥ ਮਿਲਾਉਣ ਤੋਂ ਪਹਿਲਾਂ ਸੁੱਖਪ੍ਰੀਤ ਬੁੱਢਾ ਇੱਕ ਕਾਰ ਮਕੈਨਿਕ ਸੀ ਅਤੇ ਦੋਸਤ ਨਾਲ ਹੋਈ ਤਕਰਾਰ ਵਿੱਚ ਬੁੱਢਾ ਨੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ । ਸਜ਼ਾ ਦੌਰਾਨ ਪੈਰੋਲ ਉੱਤੇ ਆਉਣ ਤੋਂ ਬਾਅਦ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਇਸ ਤੋਂ ਬਾਅਦ ਬੁੱਢਾ ਨੇ ਗੈਂਗਸਟਰ ਦਵਿੰਦਰ ਬਬੀਹਾ ਦੇ ਗਰੁੱਪ ਦੇ ਨਾਲ ਹੱਥ ਮਿਲਾਇਆ।
ਇਹ ਵੀ ਪੜ੍ਹੋ: Murder In Jalandhar: ਤੇਜ਼ਧਾਰ ਹਥਿਆਰਾਂ ਵਾਲ ਵੱਢਿਆ ਨੌਜਵਾਨ, ਕੁਝ ਦਿਨ ਪਹਿਲਾਂ ਵਸੂਲੀ ਪਿੱਛੇ ਹੋਇਆ ਸੀ ਝਗੜਾ
ਅਰੀਮੀਨੀਆਂ ਤੋਂ ਗ੍ਰਿਫ਼ਤਾਰੀ: ਦੱਸ ਦਈਏ ਵਿੱਕੀ ਗੌਂਡਰ ਦੇ ਪੁਲਿਸ ਐਨਕਾਊਂਟਰ ਵਿੱਚ ਮਾਰੇ ਜਾਣੇ ਤੋਂ ਬਾਅਦ ਇਹ ਖ਼ਬਰਾਂ ਸਾਹਮਣੇ ਆਈਆਂ ਸਨ ਇੱਕ ਸੁਖਪ੍ਰੀਤ ਬੁੱਢਾ ਵੀ ਗੌਂਡਰ ਦੇ ਨਾਲ ਐਨਕਾਊਂਟਰ ਵਿੱਚ ਮਾਰਿਆ ਗਿਆ ਹੈ, ਪਰ ਇੰਨ੍ਹਾਂ ਸਭ ਗੱਲਾਂ ਉੱਤੇ ਉਦੋਂ ਵਿਰਾਮ ਲੱਗਿਆ ਜਦੋਂ ਅਰਮੀਨੀਆ ਵਿੱਚ ਬੈਠੇ ਗੈਂਗਸਟਰ ਬੁੱਢਾ ਨੇ ਇੱਕ ਨਿਜੀ ਚੈਨਲ ਨਾਲ ਸੰਪਰਕ ਸਾਧਿਆ। ਇਸ ਇੰਟਰਵਿਊ ਤੋਂ ਬਾਅਦ ਗੈਂਗਸਟਰ ਬੁੱਢਾ ਉੱਤੇ ਪੁਲਿਸ ਨੇ ਦਬਿਸ਼ ਦਿੰਦਿਆਂ ਸਾਲ 2019-20 ਵਿੱਚ ਗੈਂਗਸਟਰ ਬੁੱਢਾ ਨੂੰ ਅਰਮੀਨੀਆ ਤੋਂ ਡਿਪੋਰਟ ਕਰਵਾਇਆ ਅਤੇ ਸਾਰੀ ਕਾਨੂੰਨੀ ਕਾਰਵਾਈ ਕਰਦਿਆਂ ਸੁਖਪ੍ਰੀਤ ਬੁੱਢਾ ਨੂੰ ਅਰਮੀਨੀਆ ਜਾਕੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਭਾਰਤ ਲਿਆਂਦਾ ਗਿਆ। ਇਸ ਤੋਂ ਬਾਅਦ ਹੁਣ ਬੁੱਢਾ ਲਗਾਤਾਰ ਕਈ ਕੇਸਾਂ ਅੰਦਰ ਜੇਲ੍ਹ ਵਿੱਚ ਬੰਦ ਹੈ ਅਤੇ ਮੌਜੂਦਾ ਸਮੇਂ ਵਿੱਚ ਉਹ ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਆਪਣੇ ਗੁਨਾਹਾਂ ਦੀ ਸਜ਼ਾ ਭੁਗਤ ਰਿਹਾ ਸੀ।