ਮੋਗਾ: ਸੂਬੇ 'ਚ ਪੰਜਾਬ ਪੁਲਿਸ ਕਾਨੂੰਨ ਵਿਵਸਥਾ ਸਹੀ ਹੋਣ ਦੇ ਲੱਖਾਂ ਦਾਅਵੇ ਕਰਦੀ ਹੈ ਪਰ ਨਿੱਤ ਦਿਨ ਹੋ ਰਹੀਆਂ ਵਾਰਦਾਤਾਂ ਉਨ੍ਹਾਂ ਦਾਅਵਿਆਂ 'ਤੇ ਪਾਣੀ ਫੇਰ ਰਹੀਆਂ ਹਨ। ਤਾਜ਼ਾ ਮਾਮਲਾ ਮੋਗਾ ਦਾ ਹੈ, ਜਿਥੇ ਸ਼ਹਿਰ ਦੇ ਰਤਨ ਸਿਨੇਮਾ ਨੇੜੇ ਬੀਤੀ ਦੇਰ ਰਾਤ ਦੋ ਧਿਰਾਂ ਵਿਚਾਲੇ ਲੱਗਭਗ 15 ਦੇ ਕਰੀਬ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਦੋਵਾਂ ਪਾਸਿਆਂ ਦੇ ਦੋ ਵਿਅਕਤੀਆਂ ਨੂੰ ਗੋਲੀ ਲੱਗੀ ਹੈ। ਜਿਸ ਵਿੱਚੋਂ ਇੱਕ ਧਿਰ ਦੇ ਵਿਕਾਸ ਜਿੰਦਲ ਦੀ ਮੌਤ ਹੋ ਗਈ ਜਦਕਿ ਦੂਜੇ ਧਿਰ ਦਾ ਵੀਰ ਸਿੰਘ ਉਰਫ਼ ਮਿੱਠੂ ਸਥਾਨਕ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਦਿਵਾਲੀ ਦਾ ਮਾਹੌਲ ਹੋਣ ਕਾਰਨ ਰਤਨ ਸਿਨੇਮਾ ਨੇੜੇ ਇੱਕ ਥਾਂ ’ਤੇ ਜੂਆ ਖੇਡਿਆ ਜਾ ਰਿਹਾ ਸੀ। ਜਿੱਥੇ ਇਹ ਦੋਵੇਂ ਧਿਰਾਂ ਆਹਮੋ- ਸਾਹਮਣੇ ਆ ਗਈਆਂ।
ਇੱਕ ਸਾਲ ਤੋਂ ਮਿਲ ਰਹੀਆਂ ਸੀ ਧਮਕੀਆਂ: ਇਸ ਦੌਰਾਨ ਮ੍ਰਿਤਕ ਦੇ ਪਿਤਾ ਜਗਦੀਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ, ਉਸ ਦੇ ਭਰਾ ਅਤੇ ਭਤੀਜੇ ਨੂੰ ਪਿਛਲੇ ਇਕ ਸਾਲ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਜਿਸ ਕਾਰਨ ਕੁਝ ਲੋਕਾਂ ਨੇ ਉਸ ਦੇ ਬੇਟੇ ਅਤੇ ਭਤੀਜੇ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੇ ਲੜਕੇ ਵਿਕਾਸ ਜਿੰਦਲ (27) ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਧਮਕੀਆਂ ਦੇ ਚੱਲਦੇ ਹੀ ਉਨ੍ਹਾਂ ਨੇ ਆਪਣੇ ਪੁੱਤ ਅਤੇ ਭਤੀਜੇ ਨੂੰ ਕਿਤੇ ਪਾਸੇ ਭੇਜਿਆ ਹੋਇਆ ਸੀ ਤੇ ਦਿਵਾਲੀ ਮਨਾਉਣ ਲਈ ਉਹ ਘਰ ਆਏ ਸੀ।
ਬੈਕ ਫਾਇਰ ਕਾਰਨ ਲੱਗੀ ਗੋਲੀ: ਇਸ ਦੌਰਾਨ ਦੂਜੀ ਧਿਰ ਦੇ ਜ਼ਖ਼ਮੀ ਵੀਰ ਸਿੰਘ ਉਰਫ਼ ਮਿੱਠੂ ਨੇ ਦੱਸਿਆ ਕਿ ਰਤਨ ਸਿਨੇਮਾ ਨੇੜੇ ਜੂਆ ਚੱਲ ਰਿਹਾ ਸੀ। ਜਿੱਥੇ ਮ੍ਰਿਤਕ ਦੇ ਪੱਖ ਦੇ ਲੋਕਾਂ ਨੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਹ ਜ਼ਖਮੀ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਜ਼ਖਮੀ ਵੀਰ ਸਿੰਘ ਅਨੁਸਾਰ ਜਦੋਂ ਵਿਕਾਸ ਜਿੰਦਲ ਆਪਣੀ ਬੰਦੂਕ ਲੋਡ ਕਰ ਰਿਹਾ ਸੀ ਤਾਂ ਬੈਕ ਫਾਇਰ ਹੋਣ ਕਾਰਨ ਇੱਕ ਗੋਲੀ ਵਿਕਾਸ ਜਿੰਦਲ ਦੇ ਢਿੱਡ ਵਿੱਚ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇੱਕ ਦੀ ਮੌਤ ਤੇ ਇੱਕ ਜ਼ੇਰੇ ਇਲਾਜ: ਇੱਥੇ ਹਸਪਤਾਲ ਵਿੱਚ ਡਿਊਟੀ ’ਤੇ ਤਾਇਨਾਤ ਡਾਕਟਰ ਮਨਿੰਦਰ ਸਿੰਘ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਕਾਸ ਜਿੰਦਲ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਰੈਫਰ ਕਰ ਦਿੱਤਾ ਗਿਆ ਸੀ ਪਰ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਅਤੇ ਦੂਜੇ ਧਿਰ ਦੇ ਮਿੱਠੂ ਦੀ ਵੀ ਲੱਤ ਵਿੱਚ ਗੋਲੀ ਲੱਗੀ ਹੈ ਅਤੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ।
- Gurgaddi Diwas: ਗੁਰਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: "ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ"
- ਬਿਹਾਰ ਜਾਣ ਵਾਲੀ ਸਪੈਸ਼ਲ ਟ੍ਰੇਨ ਰੱਦ ਹੋਣ ਕਾਰਨ ਗੁੱਸੇ 'ਚ ਆਏ ਯਾਤਰੀਆਂ ਦਾ ਰੇਲਵੇ ਟ੍ਰੈਕ 'ਤੇ ਹੰਗਾਮਾ, ਟ੍ਰੇਨ 'ਤੇ ਮਾਰੇ ਪੱਥਰ
- ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਸਿੱਧੇ ਹੋਏ ਕਿਸਾਨ, ਕਿਹਾ - ਪਟਾਕੇ ਚਲਾਉਣ ਵਾਲਿਆਂ 'ਤੇ ਕਾਰਵਾਈ ਕਿਉਂ ਨਹੀਂ ?
ਪੁਲਿਸ ਵਲੋਂ ਘਟਨਾ ਦੀ ਜਾਂਚ ਸ਼ੁਰੂ: ਇਸ ਮੌਕੇ 'ਤੇ ਪਹੁੰਚੇ ਪੁਲਿਸ ਥਾਣਾ ਸਿਟੀ ਸਾਊਥ ਦੇ ਇੰਚਾਰਜ ਇਕਬਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਕਾਸ ਜਿੰਦਲ ਉਰਫ਼ ਵੀਰੂ ਦੀ ਮੌਤ ਦੋ ਧਿਰਾਂ ਦੇ ਝਗੜੇ ਕਾਰਨ ਹੋਈ ਹੈ। ਮ੍ਰਿਤਕ ਅਤੇ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ।