ਮੋਗਾ: ਇੱਥੋਂ ਦੇ ਬਲੂਮਿੰਗ ਬਡਜ਼ ਸਕੂਲ ਵਿਚ ਹੋਏ ਜ਼ਿਲ੍ਹਾ ਪੱਧਰੀ ਸਕੂਲੀ ਖੇਡ ਮੁਕਾਬਲਿਆਂ ਵਿੱਚ ਧੋਖਾਧੜੀ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ। ਦਰਅਸਲ, ਬਲੂਮਿੰਗ ਬਡਸ ਸਕੂਲ ਵਿੱਚ ਜ਼ਿਲ੍ਹਾ ਪੱਧਰੀ ਅੰਡਰ 17 ਖੇਡ ਮੁਕਾਬਲੇ ਸਨ, ਜਿੱਥੇ ਮੀਰੀ ਪੀਰੀ ਸਕੂਲ, ਕੁੱਸਾ ਦੀ ਵਿਦਿਆਰਥਣ ਜੈਸਮੀਨ ਖੁਰਮੀ ਦਾ ਮੁਕਾਬਲਾ ਇਕ ਹੋਰ ਸਕੂਲ ਦੀ ਖਿਡਾਰਮ ਰਮਨਦੀਪ ਕੌਰ ਨਾਲ ਹੋਣ ਲੱਗਿਆ ਤਾਂ, ਜੈਸਮੀਨ ਨੇ ਰਮਨਦੀਪ ਕੌਰ 'ਤੇ ਓਵਰਵੇਟ ਹੋਣ ਦਾ ਇਤਰਾਜ਼ ਲਗਾਇਆ।
ਜੈਸਮੀਨ ਕੌਰ ਦੇ ਪਿਤਾ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ DEO ਦਫ਼ਤਰ, ਮੋਗਾ ਦੇ ਬਾਹਰ ਧਰਨਾ ਲਗਾਇਆ ਗਿਆ। ਉਨ੍ਹਾਂ ਨੇ ਖੇਡ ਵਿਭਾਗ ਤੇ ਧੋਖਾਧੜੀ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਜੇਕਰ ਪਹਿਲੇ ਸਥਾਨ 'ਤੇ ਜੇਤੂ ਕਰਾਰ ਨਾ ਦਿੱਤਾ ਗਿਆ ਜਿਸ ਦੀ ਕਿ ਉਹ ਹੱਕਦਾਰ ਹੈ, ਤਾਂ ਇਸ ਦੇ ਵਿਰੁੱਧ ਸੰਘਰਸ਼ ਹੋਰ ਤੀਖਾ ਕੀਤਾ ਜਾਵੇਗਾ।
ਇਸ ਸਬੰਧ ਵਿੱਚ ਖਿਡਾਰਨ ਜੈਸਮੀਨ ਖੁਰਮੀ ਨੇ ਕਿਹਾ ਕਿ ਉਸ ਨੇ ਫਾਈਨਲ ਮੈਚ ਹੋਣ ਤੋਂ ਪਹਿਲਾਂ ਹੀ ਦੂਜੀ ਖਿਡਾਰਨ ਦਾ ਭਾਰ ਵੱਧ ਹੋਣ ਦਾ ਇਤਰਾਜ਼ ਕੀਤਾ ਸੀ, ਪਰ ਫਿਰ ਵੀ ਉਸ ਨਾਲ ਧੱਕਾ ਕੀਤਾ ਗਿਆ। ਇਸ ਦੇ ਵਿਰੁੱਧ ਉਨ੍ਹਾਂ ਨੇ ਧਰਨਾ ਲਗਾਇਆ ਹੈ। ਉਸ ਨੇ ਕਿਹਾ ਕਿ ਉਸ ਨਾਲ ਇਨਸਾਫ਼ ਕੀਤਾ ਜਾਵੇ ਤੇ ਉਨ੍ਹਾਂ ਦਾ ਬਣਦਾ ਹੱਕ ਦਿਵਾਇਆ ਜਾਵੇ।
ਇਹ ਵੀ ਪੜ੍ਹੋ: JNU ਵਿਦਿਆਰਥੀਆਂ ਨੇ ਈਟੀਵੀ ਭਾਰਤ ਦੇ ਪੱਤਰਕਾਰ ਉੱਤੇ ਕੀਤਾ ਹਮਲਾ
ਇਸ ਸਬੰਧ ਵਿਚ ਜਦੋਂ ਜ਼ਿਲ੍ਹਾ ਸਿੱਖਿਆ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਗਿਆ, ਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਚੰਡੀਗੜ੍ਹ ਕਿਸੇ ਦਫ਼ਤਰੀ ਕੰਮ ਵਿੱਚ ਗਏ ਹੋਣ ਕਰਕੇ ਵਰਕਰ ਵੱਲੋਂ ਦੱਸਿਆ ਗਿਆ ਕਿ ਪ੍ਰਧਾਨ ਅਤੇ ਉੱਪ ਪ੍ਰਧਾਨ ਇਸ ਸਬੰਧ ਵਿੱਚ ਜਾਂਚ ਕਰਨਗੇ ਅਤੇ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਜੋ ਹੋਇਆ, ਉਸ ਦੇ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ ।