ਮੋਗਾ: ਫੋਨ ਦੇ ਉੱਤੇ ਠੱਗਾਂ, ਚਾਲਸਾਜ਼ਾਂ ਆਦਿ ਦੀਆਂ ਕਾਲਾਂ ਤਾਂ ਅਸੀਂ ਅਕਸਰ ਹੀ ਸੁਣਦੇ ਹਾਂ। ਤੁਹਾਨੂੰ ਇਹ ਜਾਣ ਕੇ ਵੱਡੀ ਹੈਰਾਨੀ ਹੋਵੇਗੀ ਕਿ ਹੁਣ ਸ਼ਰਾਰਤੀ ਅਨਸਰ ਅੱਗ ਬਝਾਊ ਦਸਤੇ ਨੂੰ ਵੀ ਨਹੀਂ ਬਖਸ਼ ਰਹੇ। ਮੋਗਾ ਦਾ ਅੱਗ ਬਝਾਊ ਦਸਤਾ ਆਏ ਦਿਨ "ਫੇਕ ਕਾਲਾਂ" ਨਾਲ ਜੂਝ ਰਿਹਾ ਹੈ। ਮੋਗਾ ਦੇ ਅੱਗ ਬਝਾਊ ਦਸਤੇ ਨੂੰ ਹਰ ਰੋਜ਼ ਇੱਕ ਹਫਤੇ ਤੋਂ ਵੱਖ-ਵੱਖ ਥਾਵਾਂ 'ਤੇ ਅੱਗ ਲੱਗਣ ਦੀਆਂ "ਫੇਕ ਕਾਲਾਂ" ਆ ਰਹੀਆਂ ਹਨ। ਜੋ ਕਿ ਇਸ ਇਲਾਕੇ ਵਿੱਚ ਹੰਗਾਮੀ ਹਾਲਤ ਨਾਲ ਨਿਜਿੱਠਣ ਵਾਲੀ ਇੱਕ ਸੰਸਥਾ ਲਈ ਬਹੁਤ ਵੱਡੀ ਚਣੌਤੀ ਬਣੀਆਂ ਹੋਈਆਂ ਹਨ।
ਫਾਇਰ ਬ੍ਰਿਗੇਡ ਅਫ਼ਸਰ ਮੁਤਾਬਕ ਬੀਤੇ ਦਿਨੀਂ ਉਨ੍ਹਾਂ ਨੂੰ ਮਹਿਰੋਂ ਵਿਖੇ ਅਤੇ ਪਿੰਡ ਰਾਊਕੇ ਵਿਖੇ ਇੱਕ ਗੋਦਾਮ ਵਿੱਚ ਅੱਗ ਲੱਗਣ ਸਬੰਧੀ ਫੋਨ ਕਾਲ ਪ੍ਰਾਪਤ ਹੋਈ ਸੀ। ਇਸ ਕਾਲ 'ਤੇ ਕਾਰਵਾਈ ਕਰਦੇ ਹੋਏ ਜਦੋਂ ਅੱਗ ਬਝਾਊ ਦਸਤਾ ਦੱਸੀ ਗਈ ਥਾਂ 'ਤੇ ਪਹੁੰਚੇ ਤਾਂ ਉੱਥੇ ਕੁਝ ਵੀ ਇਸੇ ਤਰ੍ਹਾਂ ਦਾ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ "ਫੇਕ ਕਾਲਾਂ" ਲਗਾਤਾਰ ਆ ਰਹੀਆਂ ਹਨ।
ਫਾਇਰ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਥਾਣਾ ਮਹਿਣਾ ਦੀ ਪੁਲਿਸ ਨੂੰ ਉਕਤ ਮੋਬਾਇਲ ਨੰਬਰ ਸਮੇਤ ਲਿਖਤ ਸ਼ਿਕਾਇਤ ਕੀਤੀ ਗਈ। ਫਾਇਰ ਅਫ਼ਸਰ ਨੇ ਦੱਸਿਆ ਕਿ ਅਜਿਹੇ ਹਾਲਾਤ ਵਿੱਚ "ਫੇਕ ਕਾਲ" ਦੇ ਦੌਰਾਨ ਸੱਚਮੁੱਚ ਕੋਈ ਅਜਿਹੀ ਘਟਨਾ ਵਾਪਰ ਸਕਦੀ ਹੈ ਜਿਸ ਕਰਕੇ ਨੁਕਸਾਨ ਦਾਇਕ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ। ਇਸ ਲਈ ਉਨ੍ਹਾਂ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਕਤ ਸ਼ਰਾਰਤੀ ਵਿਅਕਤੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਥਾਣਾ ਮਹਿਣਾ ਦੇ ਐਸਐਚਓ ਕੋਮਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਮੋਗਾ ਨੇ "ਫੇਕ ਕਾਲ" ਸੰਬੰਧੀ ਥਾਣੇ ਵਿੱਚ ਲਿਖਿਤ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਉਕਤ ਨੰਬਰ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਕਤ ਨੰਬਰ ਨੂੰ ਟਰੇਸ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਮੋਗਾ ਦਾ ਅੱਗ ਬਝਾਊ ਦਸਤਾ ਇਲਾਕੇ ਦੇ 50 ਕਿਲੋਮੀਟਰ ਤੱਕ ਆਪਣੀਆਂ ਸੇਵਾਵਾਂ ਦਿੰਦਾ ਹੈ। ਇਹ ਦਸਤਾ ਇਸ ਸਮੇਂ ਅੱਗ ਬਝਾਊ ਕਰਮੀਆਂ ਦੀ ਵੱਡੀ ਘਾਟ ਨਾਲ ਵੀ ਜੂਝ ਰਿਹਾ ਹੈ। ਅਜਿਹੀ ਸਥਿਤੀ ਵਿੱਚ ਇਸ ਤਰ੍ਹਾਂ ਦੀਆਂ "ਫੇਕ ਕਾਲਾਂ" ਦਾ ਆਉਣਾ ਸਮੁੱਚੇ ਇਲਾਕੇ ਲਈ ਘਾਤਕ ਹੈ।