ਮੋਗਾ : ਮੋਗਾ ਦੇ ਇਕ ਗ਼ਰੀਬ ਪਰਵਾਸੀ ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਤਾਂ ਹੈ ਹੀ, ਪਰ ਨਾਲ ਹੀ ਕੁਦਰਤ ਦਾ ਕਾਦਰ ਦੀ ਇਕ ਹੋਰ ਮਾਰ ਪਈ ਹੈ। ਇਸ ਪਰਿਵਾਰ ਦੇ ਚਾਰ ਪੁੱਤਰ ਹਨ ਤੇ ਚਾਰੋਂ ਹੀ ਸਰੀਰਕ ਪੱਖੋਂ ਅਪਾਹਿਜ ਹਨ। ਪਰਿਵਾਰ ਵੱਲੋਂ ਸਮੇਂ ਦੀਆਂ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਤੇ ਹੋਰ ਸਰਕਾਰੀ ਨੁਮਾਇੰਦਿਆਂ ਕੋਲ ਮਦਦ ਦੀ ਅਪੀਲ ਕੀਤੀ ਪਰ ਕਿਸੇ ਵੱਲੋਂ ਵੀ ਇਸ ਪਰਿਵਾਰ ਦੀ ਬਾਂਹ ਨਹੀਂ ਫੜੀ ਗਈ। ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਇਸ ਪਰਿਵਾਰ ਦੀ ਖਬਰ ਪ੍ਰਕਾਸ਼ਿਤ ਕਰਨ ਤੋਂ ਬਾਅਦ ਮੋਗਾ ਜ਼ਿਲ੍ਹੇ ਤੋਂ ਸਾਬਕਾ ਵਿਧਾਇਕ ਹਰਜੋਤ ਕਮਲ ਨੇ ਇਸ ਪਰਿਵਾਰ ਦੀ ਬਾਂਹ ਫੜੀ ਹੈ।
ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਖਬਰ : ਦਰਅਸਲ ਹਰਜੋਤ ਕਮਲ ਨੇ ਇਨ੍ਹਾਂ ਚਾਰੇ ਬੱਚਿਆਂ ਦੀ ਪੈਨਸ਼ਨ ਲਵਾ ਕੇ ਇਸ ਪਰਿਵਾਰ ਦੀ ਆਰਥਿਕ ਪੱਖੋਂ ਮਦਦ ਕੀਤੀ ਹੈ। ਇਸ ਪਰਿਵਾਰ ਦੇ ਮੋਢੀ ਬੁੱਧਣ ਮਾਤੋ ਦਾ ਕਹਿਣਾ ਹੈ ਕਿ ਉਹ ਦਿਹਾੜੀ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਰ ਬਸਰ ਕਰਦਾ ਹੈ। ਉਸ ਦੀ ਆਮਦਨ ਨਾਲ ਗੁਜ਼ਾਰਾ ਕਰਨਾ ਔਖਾ ਹੈ ਤੇ ਉਤੋਂ ਰੱਬ ਦੀ ਇਹ ਮਾਰ ਕਾਰਨ ਉਨ੍ਹਾਂ ਦਾ ਜਿਊਣਾ ਕਾਫੀ ਦੁੱਭਰ ਹੋ ਗਿਆ ਸੀ। ਬੁੱਧਣ ਮਾਤੋ ਨੇ ਦੱਸਿਆ ਕਿ ਡਾ. ਹਰਜੋਤ ਕਮਲ ਦੇ ਦਫ਼ਤਰੀ ਸਟਾਫ਼ ਤੇ ਉਨ੍ਹਾਂ ਦੀ ਪਤਨੀ ਡਾ. ਰਜਿੰਦਰ ਕੌਰ ਨੇ ਬੁੱਧਣ ਮਾਤੋ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ 2 ਬੱਚਿਆਂ ਦੀ ਪੈਨਸ਼ਨ ਜੋ ਕਿ ਇੱਕ ਸਾਲ ਪਹਿਲਾਂ ਬੰਦ ਹੋ ਗਈ ਸੀ, ਉਸਨੂੰ ਦੁਬਾਰਾ ਸ਼ੁਰੂ ਕਰਵਾਇਆ ਅਤੇ ਬਾਕੀ ਦੋ ਬੱਚਿਆਂ ਦੀ ਵੀ ਨਵੀਂ ਪੈਨਸ਼ਨ ਲਗਵਾ ਕੇ ਦਿੱਤੀ। ਮਜ਼ਦੂਰ ਦਿਵਸ ਮੌਕੇ ਡਾ. ਹਰਜੋਤ ਕਮਲ ਦੀ ਧਰਮਪਤਨੀ ਡਾ. ਰਜਿੰਦਰ ਕੌਰ ਵਲੋਂ ਬੁੱਧਣ ਮਾਤੋ ਦੇ ਘਰ ਜਾ ਕੇ ਪੈਨਸ਼ਨ ਦੇ ਸਰਟੀਫਿਕੇਟ ਦਿੱਤੇ ਗਏ ਅਤੇ ਹਰ ਸੰਭਵ ਮਦਦ ਦਾ ਭਰੋਸਾ ਵੀ ਦਵਾਇਆ ਗਿਆ।
"ਮੋਗਾ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਦਫ਼ਤਰ ਹਮੇਸ਼ਾ ਖੁੱਲ੍ਹਾ" : ਇਸ ਮੌਕੇ ਸੰਬੋਧਨ ਕਰਦੇ ਹੋਏ ਡਾ. ਰਜਿੰਦਰ ਕੌਰ ਨੇ ਕਿਹਾ ਕਿ ਡਾ. ਹਰਜੋਤ ਕਮਲ ਦੇ ਦਫ਼ਤਰ ਵਿੱਚ ਲੋਕ ਭਲਾਈ ਅਤੇ ਜ਼ਰੂਰਤਮੰਦ ਲੋਕਾਂ ਦੇ ਕੰਮਾਂ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਹੈ ਅਤੇ ਬਿਨਾਂ ਕਿਸੇ ਖੱਜਲ ਖੁਆਰੀ ਤੋਂ ਬਿਨਾਂ ਇੱਕ ਵੀ ਰੁਪਇਆ ਖ਼ਰਚੇ ਲੋਕ ਭਲਾਈ ਦੇ ਕੰਮ ਨਿਰੰਤਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਡਾ. ਹਰਜੋਤ ਕਮਲ ਹਮੇਸ਼ਾ ਹੀ ਇਹ ਸੋਚ ਲੈ ਕੇ ਚੱਲੇ ਹਨ ਕਿ "ਮੇਰਾ ਮੋਗਾ ਮੇਰਾ ਪਰਿਵਾਰ ਹੈ" ਅਤੇ ਮੋਗਾ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਉਨ੍ਹਾਂ ਦਾ ਦਫ਼ਤਰ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ।
ਇਹ ਵੀ ਪੜ੍ਹੋ : PV Rama Shastri: "ਸਰਹੱਦਾਂ ਉਤੇ ਮੁਸਤੈਦ ਬੀਐੱਸਐਫ, ਡੇਢ ਸਾਲ 'ਚ ਸੈਂਕੜੇ ਡਰੋਨ ਭੇਜੇ ਵਾਪਿਸ, ਫੜੀ 600 ਕਿਲੋ ਹੈਰੋਇਨ"
ਪਰਵਾਸੀ ਜੋੜਾ ਕੰਮ ਕਰ ਕੇ ਪਾਲਦਾ ਸੀ ਪਰਿਵਾਰ : ਡਾ. ਰਜਿੰਦਰ ਕੌਰ ਨੇ ਕਿਹਾ ਕਿ ਚਾਰਾਂ ਬੱਚਿਆਂ ਦੀ ਪੈਨਸ਼ਨ ਲੱਗਣ ਨਾਲ ਹੁਣ ਪਰਿਵਾਰ ਨੂੰ ਲਾਈਫ਼-ਟਾਈਮ ਆਰਥਿਕ ਮਦਦ ਮਿਲਦੀ ਰਹੇਗੀ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਪਰਿਵਾਰ ਨੂੰ ਹੋਰ ਕਸ਼ਟ ਨਹੀਂ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਚਾਹੇ ਸਰੀਰਕ ਅਪਾਹਿਜਤਾ ਨੂੰ ਠੀਕ ਕਰਨ ਵਿੱਚ ਉਹ ਕੋਈ ਮਦਦ ਨਹੀਂ ਕਰ ਸਕਦੇ ਕਿਉਂਕਿ ਇਹ ਪਰਮਾਤਮਾ ਵਲੋਂ ਸਥਾਈ ਤੌਰ ਉਤੇ ਰਹੇਗੀ, ਪਰ ਇਸ ਛੋਟੀ ਜਿਹੀ ਮਦਦ ਨਾਲ ਪਰਿਵਾਰ ਨੂੰ ਹੌਸਲਾ ਜ਼ਰੂਰ ਮਿਲੇਗਾ। ਡਾ. ਰਜਿੰਦਰ ਕੌਰ ਨੇ ਦੱਸਿਆ ਕਿ ਆਮਦਨ ਦਾ ਕੋਈ ਸਾਧਨ ਨਾ ਹੋਣ ਕਾਰਨ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਪਹਿਲਾਂ ਦੋਹਾਂ ਜੀਆਂ ਨੂੰ ਮਜ਼ਦੂਰੀ ਕਰਨੀ ਪੈਂਦੀ ਸੀ ਅਤੇ ਪਿੱਛੋਂ ਘਰ ਵਿੱਚ ਬੱਚਿਆਂ ਨੂੰ ਇਕੱਲੇ ਰਹਿਣਾ ਪੈਂਦਾ ਸੀ, ਪਰ ਹੁਣ ਚਾਰਾਂ ਬੱਚਿਆਂ ਦੀ ਪੈਨਸ਼ਨ ਲੱਗਣ ਨਾਲ ਬੱਚਿਆਂ ਦੀ ਸਾਂਭ ਸੰਭਾਲ ਲਈ ਮਾਂ ਨੂੰ ਬਾਹਰ ਕੰਮ ਨਹੀਂ ਕਰਨਾ ਪਵੇਗਾ।