ਮੋਗਾ: ਕੋਰੋਨਾ ਮਹਾਂਮਾਰੀ ਕਾਰਨ ਸਾਰੇ ਕੰਮਕਾਰ ਠੱਪ ਪਏ ਹਨ ਅਤੇ ਇਸੇ ਦੇ ਚੱਲਦੇ ਰੱਖੜੀ ਦੇ ਤਿਉਹਾਰ ਮੌਕੇ ਵੀ ਬੱਸਾਂ ਵਾਲੇ ਬੱਸ ਅੱਡਿਆਂ 'ਤੇ ਸਵਾਰੀਆਂ ਦੀ ਉਡੀਕ ਕਰ ਰਹੇ ਹਨ। ਸਵਾਰੀਆਂ ਨਾ ਆਉਣ ਕਾਰਨ ਬੱਸਾਂ ਦੇ ਰੂਟ ਕੈਂਸਲ ਕਰਨੇ ਪੈਂਦੇ ਹਨ। ਪਿਛਲੇ ਸਾਲ ਇਨ੍ਹਾਂ ਦਿਨਾਂ ਵਿੱਚ ਬੱਸ ਸਟੈਂਡ ਅਤੇ ਬੱਸਾਂ ਵਿੱਚ ਪੈਰ ਰੱਖਣ ਦੀ ਜਗ੍ਹਾ ਨਹੀਂ ਸੀ ਪਰ ਅੱਜ ਦੇ ਹਾਲਾਤ ਉਸ ਨਾਲੋਂ ਬਿਲਕੁਲ ਉਲਟ ਹਨ।
ਇਸੇ ਤਹਿਤ ਮੋਗਾ ਬੱਸ ਸਟੈਂਡ ਵੀ ਬਿਲਕੁਲ ਖਾਲੀ ਨਜ਼ਰ ਆਇਆ ਅਤੇ ਬੱਸਾਂ ਵਿੱਚ ਵੀ ਇੱਕ ਦੋ ਸਵਾਰੀਆਂ ਹੀ ਬੈਠੀਆਂ ਸਨ। ਜਾਣਕਾਰੀ ਦਿੰਦਿਆਂ ਬੱਸ ਕੰਡਕਟਰ ਰਮਨ ਸ਼ਰਮਾ ਨੇ ਕਿਹਾ ਕਿ ਕੋਰੋਨਾ ਕਾਰਨ ਲੋਕ ਡਰੇ ਬੈਠੇ ਹਨ ਅਤੇ ਘਰੋਂ ਬਾਹਰ ਨਹੀਂ ਨਿਕਲਦੇ ਜਿਸ ਕਾਰਨ ਬੱਸਾਂ ਬਿਲਕੁਲ ਖਾਲੀ ਹਨ। ਇਸੇ ਕਾਰਨ ਕਾਊਂਟਰ 'ਤੇ ਅੱਧਾ-ਅੱਧਾ ਘੰਟਾ ਬਾਅਦ ਬੱਸਾਂ ਲੱਗਦੀਆਂ ਹਨ।