ਮੋਗਾ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਘਰ-ਘਰ ਰੁਜ਼ਗਾਰ ਸਕੀਮ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਰੁਜ਼ਗਾਰ-ਕਾਰੋਬਾਰ ਬਿਊਰੋ ਮੋਗਾ ਵੱਲੋਂ ਪੰਜਵਾਂ ਮੈਗਾ ਰੁਜ਼ਗਾਰ ਮੇਲਾ ਸਰਕਾਰੀ ਆਈਟੀਆਈ ਮੋਗਾ ਵਿਖੇ ਲਗਾਇਆ ਜਾ ਰਿਹਾ ਹੈ।
ਰੁਜ਼ਗਾਰ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਮੋਗਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਦੇ ਤਹਿਤ 40 ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਵੱਲੋਂ 6000 ਦੇ ਕਰੀਬ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਆਪਣੀ ਯੋਗਤਾ ਸਰਟੀਫਿਕੇਟ ਅਤੇ ਪਹਿਚਾਣ ਪੱਤਰ ਲੈ ਕੇ ਰੁਜ਼ਗਾਰ ਮੇਲੇ ਵਿੱਚ ਪਹੁੰਚ ਕੇ ਆਪਣੀ ਇੱਛਾ ਅਨੁਸਾਰ ਅਤੇ ਆਪਣੀ ਯੋਗਤਾ ਦੇ ਮੁਤਾਬਕ ਨੌਕਰੀ ਚੁਣ ਕੇ ਆਪਣਾ ਭਵਿੱਖ ਸਵਾਰ ਸਕਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ ਹੈ ਕਿ ਲਗਭਗ 3500 ਦੇ ਕਰੀਬ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦੇਣ ਦੇ ਲਈ ਵੱਖੋ-ਵੱਖ ਬੈਂਕਾਂ ਵੱਲੋਂ ਅਤੇ ਕੰਪਨੀਆਂ ਵੱਲੋਂ ਲੋਨ ਦੀ ਸਹੂਲਤ ਵਾਲੀਆਂ ਸਕੀਮਾਂ ਵੀ ਇਸ ਰੁਜ਼ਗਾਰ ਮੇਲੇ ਵਿੱਚ ਦਿੱਤੀਆਂ ਜਾਣਗੀਆਂ। ਮੀਡੀਆ ਨੂੰ ਅਪੀਲ ਕਰਦੇ ਹੋਏ ਡੀਸੀ ਮੋਗਾ ਨੇ ਕਿਹਾ ਕਿ ਇਸ ਰੋਜ਼ਗਾਰ ਮੇਲੇ ਪ੍ਰਤੀ ਲੋਕਾਂ ਤੱਕ ਵੱਧ ਤੋਂ ਵੱਧ ਜਾਣਕਾਰੀ ਪਹੁੰਚਾਈ ਜਾਵੇ ਤਾਂ ਜੋ ਇਸ ਰੁਜ਼ਗਾਰ ਮੇਲੇ ਦਾ ਨੌਜਵਾਨ ਫ਼ਾਇਦਾ ਲੈ ਸਕਣ। ਦੱਸ ਦਈਏ ਕਿ ਮਿਤੀ 19, 23, 24, 26, 27 ਅਤੇ 30 ਸਤੰਬਰ ਨੂੰ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।