ਮੋਗਾ: ਪਿੰਡ ਦੌਲਤਪੁਰਾ ਨੀਵਾਂ ਵਿੱਚ ਰਾਤ ਸਾਢੇ 9 ਵਜੇ ਦੇ ਕਰੀਬ ਕੁੱਝ ਬਦਮਾਸ਼ਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕਈ ਨੌਜਵਾਨ ਜਖ਼ਮੀ ਹੋਏ ਹਨ। ਇਲਾਕਾ ਵਾਸਿਆਂ ਦਾ ਕਹਿਣਾ ਹੈ ਕਿ ਚਿੱਟੇ ਦੀ ਸਪਲਾਈ ਕਰਨ ਵਾਲੇ ਬਦਮਾਸ਼ਾਂ ਨੂੰ ਕੁੱਝ ਪਰਿਵਾਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਕਾਰਨ ਚਿੱਟਾ ਸਮੱਗਲਰਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਕਈ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਅਤੇ ਫਾਇਰਿੰਗ ਵੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਈ ਘਰਾਂ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹਮਲੇ ਵਿੱਚ ਜਖ਼ਮੀ ਹੋਣੇ ਨੌਜਵਾਨ ਵਿਸ਼ਾਲ ਸਿੰਘ ਦਾ ਕਹਿਣਾ ਹੈ ਕਿ ਮੈਂ ਆਪਣੇ ਘਰ ਤੋਂ ਬਾਹਰ ਪਿੰਡ ਵਿੱਚ ਸੀ। ਇਸ ਦੌਰਾਨ ਇਨ੍ਹਾਂ ਬਦਮਾਸ਼ਾਂ ਨੇ ਤੇਜ਼ ਹੱਖਿਆਰ ਨਾਲ ਹਮਲਾ ਕਰਦਿਆ ਹੋਏ ਸਾਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੱਤਾ। ਹਮਲੇ ਦਾ ਕਾਰਨ ਸਾਨੂੰ ਪਤਾ ਨਹੀਂ, ਪਰ ਇਸ ਦਾ ਕਾਰਨ ਸਾਡੇ ਵੱਲੋਂ ਨਸ਼ਾ ਵਿਰੋਧ ਹੋ ਸਕਦਾ ਹੈ। ਅਸੀਂ ਪੰਚਾਇਤ ਦੇ ਨਾਲ ਨਸ਼ੇ ਨੂੰ ਠੱਲ੍ਹ ਪਾਉਣ ਲਈ ਕੀਤੀ ਕੰਮਾਂ ਵਿੱਚ ਨਾਲ ਤੁਰਦੇ ਹਾਂ ਇਸ ਕਾਰਨ ਸਾਡੇ 'ਤੇ ਹਮਲਾ ਕੀਤਾ ਗਿਆ ਹੋ ਸਕਦਾ ਹੈ।
ਪੰਚਾਇਤ ਮੈਂਬਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਮੁਹੱਲੇ ਵਿੱਚ ਚਿੱਟੇ ਦੀ ਸਪਲਾਈ ਇੰਨੀ ਜੋਰਾਂ 'ਤੇ ਹੈ ਕਿ 10-12 ਸਾਲ ਦੇ ਬੱਚੇ ਇਨ੍ਹਾਂ ਨੇ ਚਿੱਟੇ 'ਤੇ ਲਗਾ ਕੇ ਉਨ੍ਹਾਂ ਤੋਂ ਸਪਲਾਈ ਕਰਾਉਣੀ ਸ਼ੁਰੂ ਕਰ ਦਿੱਤੀ ਹੈ। ਵਾਰ-ਵਾਰ ਪੰਚਾਇਤ ਪੂਰੇ ਮੁਹੱਲੇ ਦੇ ਦਸਤਖ਼ਤ ਕਰਵਾ ਕੇ ਚਿੱਟੇ ਦੇ ਨਸ਼ੇ ਨੂੰ ਬੰਦ ਕਰਵਾਉਣ ਲਈ ਪੁਲਿਸ ਅਧਿਕਾਰੀਆਂ ਨੂੰ ਐਪਲੀਕੇਸ਼ਨਾਂ ਦੇ ਚੁੱਕੀ ਹੈ। ਇਸ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਫੜਿਆ ਜ਼ਰੂਰ ਜਾਂਦਾ ਹੈ, ਪਰ ਥੋੜ੍ਹੀ ਦੇਰ ਬਾਅਦ ਹੀ ਛੱਡ ਦਿੱਤਾ ਜਾਂਦਾ ਹੈ।
ਇਸ ਮੌਕੇ 'ਤੇ ਪੁੱਜੇ ਥਾਣਾ ਮੁਖੀ ਜਸਵਿੰਦਰ ਸਿੰਘ ਨਾਲ ਜਦੋਂ ਮੀਡੀਆ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਨਸ਼ਾ ਤਸਕਰ ਨਿੱਕੂ ਅਤੇ ਅਰਸ਼ ਦੀ ਪਹਿਲਾਂ ਹੀ ਭਾਲ ਹੈ। ਅਸੀਂ ਕਈ ਵਾਰ ਇਨ੍ਹਾਂ ਦੀ ਛਾਪੇਮਾਰੀ ਕਰ ਚੁੱਕੇ ਹਾਂ ਅਤੇ ਇਨ੍ਹਾਂ 'ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਝੂਠੇ ਮਾਮਲੇ ਵਿੱਚ ਫਸਾਉਣ ਦੇ ਮਾਮਲੇ 'ਚ 3 ਪੁਲਿਸ ਮੁਲਜ਼ਾਮ ਬਰਖਾਸਤ