ਮੋਗਾ: ਮਨਾਵਾਂ ਦੇ ਰਹਿਣ ਵਾਲੇ ਜਗਜੀਤ ਸਿੰਘ ਨੇ ਆਪਣੀ ਧੀ ਦਾ ਜਨਮ ਦਿਨ ਵੱਖਰੇ ਢੰਗ ਨਾਲ ਮਨਾਉਂਦਿਆਂ ਏਕਜੋਤ ਸਮਾਜ ਸੇਵਾ ਸੋਸਾਇਟੀ ਨੂੰ ਗੱਡੀ ਭੇਂਟ ਕੀਤੀ ਹੈ। ਗੱਡੀ ਨੂੰ ਡੀਸੀ ਸੰਦੀਪ ਹਾਂਸ ਨੇ ਹਰੀ ਝੰਡੀ ਵਿਖਾਈ। ਉਨ੍ਹਾਂ ਨੇ ਜਗਜੀਤ ਸਿੰਘ ਸੰਧੂ ਅਤੇ ਜਗਦੀਪ ਸਿੰਘ ਸੰਧੂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।
ਇਸ ਮੌਕੇ ਏਕਜੋਤ ਸੇਵਾ ਸੋਸਾਇਟੀ ਦੇ ਮੈਂਬਰ ਸਰਦੂਲ ਸਿੰਘ ਕੰਗ ਨੇ ਕਿਹਾ ਕਿ ਸੋਸਾਇਟੀ ਨੂੰ ਇਸ ਗੱਡੀ ਦੀ ਬਹੁਤ ਜ਼ਰੂਰਤ ਸੀ। ਉਨ੍ਹਾਂ ਕਿਹਾ ਜਗਜੀਤ ਸਿੰਘ ਸੰਧੂ ਨੇ ਆਪਣੀ ਧੀ ਬਾਨੀ ਸੰਧੂ ਯੂ.ਐਸ.ਏ. ਦੇ ਜਨਮ ਦਿਨ ਦੀ ਖੁਸ਼ੀ ਵਿੱਚ ਇਸ ਭੇਟ ਨਾਲ ਸੋਸਾਇਟੀ ਦੀ ਇਸ ਵੱਡੀ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਗੱਡੀ ਲੋੜਵੰਦ ਪਰਿਵਾਰਾਂ ਲਈ 24 ਘੰਟੇ ਫ੍ਰੀ ਸੇਵਾ ਕਰੇਗੀ।
ਸੁਸਾਇਟੀ ਦੇ ਪ੍ਰਧਾਨ ਰਾਜਦੀਪ ਸਿੰਘ ਨੇ ਇਸ ਮੌਕੇ ਡੀਸੀ ਸੰਦੀਪ ਹਾਂਸ ਦਾ ਧੰਨਵਾਦ ਕੀਤਾ। ਸੋਸਾਇਟੀ ਦੇ ਸਮੂੰਹ ਮੈਂਬਰਾਂ ਨੇ ਜਗਜੀਤ ਸਿੰਘ ਸੰਧੂ ਅਤੇ ਉਨ੍ਹਾਂ ਦੀ ਬੇਟੀ ਬਾਨੀ ਸੰਧੂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋ ਸੋਸਾਇਟੀ ਨੂੰ ਗੱਡੀ ਦੀ ਘਾਟ ਨੂੰ ਪੂਰਾ ਕੀਤਾ ਹੈ।
ਉਨ੍ਹਾਂ ਹੋਰ ਦਾਨੀ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਚੜ੍ਹਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਹਿੱਸਾ ਪਾਉਣ ਤਾਂ ਜੋ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ।