ਮੋਗਾ : ਐਗਰੀਕਲਚਰ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਅਤੇ ਐਨ.ਐਮ.ਏ.ਈ.ਟੀ. ਦੇ ਸਹਿਯੋਗ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਜ਼ਿਲ੍ਹਾ ਮੋਗਾ ਵੱਲੋਂ ਗਰੈਂਡ ਰੋਜ਼ ਰਿਜਾਰਟ ਪਿੰਡ ਸਿੰਘਾਂਵਾਲਾ, ਜ਼ਿਲ੍ਹਾ ਮੋਗਾ ਵਿਖੇ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।

ਇਸ ਕੈਂਪ ਵਿੱਚ ਮੌਜੂਦ ਮੁੱਖ ਖੇਤੀਬਾੜੀ ਅਫਸਰ, ਮੋਗਾ ਡਾ: ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਕਿਸਾਨਾਂ ਅਤੇ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਉਪਰਾਲੇ ਕਰਨ ਦੀ ਜ਼ਰੂਰਤ ਹੈ ਜਿਸ ਲਈ ਕਿਸਾਨ ਵੀਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਮਾਹਿਰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਅਤੇ ਇਸਦੇ ਹਰੇ ਪਹਿਲੂ ਉੱਪਰ ਚਾਨਣਾ ਪਾਉਣ ਲਈ ਕੈਪਾਂ ਰਾਹੀ ਜਾਂ ਤਾਲਮੇਲ ਰਾਹੀ ਕਿਸਾਨਾਂ ਨੂੰ ਜਾਗਰੂਕ ਕਰਨਗੇ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫਾਰਸ਼ਸੁਦਾ ਤਕਨੀਕਾਂ ਨੂੰ ਕਿਸਾਨ ਅਪਣਾ ਕੇ ਹੀ ਕਾਮਯਾਬ ਹੋ ਸਕਦਾ ਹੈ ਇਸ ਲਈ ਖੇਤੀ ਮਾਹਿਰਾਂ ਨਾਲ ਮਸ਼ਵਰੇ ਬਹੁਤ ਹੀ ਜ਼ਰੂਰੀ ਹਨ।

ਇਸ ਤੋਂ ਇਲਾਵਾ ਇਸ ਕੈਂਪ ਵਿੱਚ ਡਾ: ਮਨਪ੍ਰੀਤ ਜੈਦਕਾ ਨੇ ਸਾਉਣੀ ਦੀਆਂ ਫਸਲਾਂ ਦੀਆਂ ਸੁਧਰੀਆਂ ਕਿਸਮਾਂ ਅਤੇ ਕਾਸ਼ਤ ਦੇ ਢੰਗ, ਡਾ. ਰਮਨਦੀਪ ਕੌਰ ਨੇ ਖੇਤੀ ਦੀਆਂ ਜਿਨਸਾਂ ਅਤੇ ਪ੍ਰੋਸੈਸਿੰਗ, ਡਾ: ਪ੍ਰੇਰਨਾ ਠਾਕੁਰ ਨੇ ਘਰੇਲੂ ਬਗੀਚੀ ਅਤੇ ਸਾਉਣੀ ਰੁੱਤ ਦੀਆਂ ਸਬਜ਼ੀਆਂ, ਡਾ. ਪ੍ਰਭਜੋਤ ਕੌਰ ਨੇ ਦੁਧਾਰੂ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਸੁਚੱਜੀ ਖੁਰਾਕ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ। ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਪ੍ਰਿਤਪਾਲ ਸਿੰਘ ਨੇ ਕੈਂਪ ਵਿਚ ਹਾਜ਼ਰ ਸਮੂਹ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਖੇਤੀਬਾੜੀ ਵਿਭਾਗ ਹਮੇਸ਼ਾ ਹੀ ਕਿਸਾਨਾਂ ਦੀ ਸੇਵਾ ਵਿਚ ਹਾਜ਼ਰ ਹੈ। ਇਸ ਮੌਕੇ 'ਤੇ ਖੇਤੀ ਨਾਲ ਸਬੰਧਤ ਖੇਤੀ ਮਸ਼ੀਨਰੀ ਅਤੇ ਸੈਲਫ਼ ਹੈਲਪ ਗਰੁੱਪਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨੀਆਂ ਦਾ ਆਯੋਜਨ ਵੀ ਕੀਤਾ ਗਿਆ।
ਇਹ ਵੀ ਪੜ੍ਹੋ: ਕਣਕ ਦੀ ਫਸਲ ਦਾ ਝਾੜ ਘੱਟਣ ਕਾਰਨ ਕਿਸਾਨ ਚਿੰਤਤ