ਮੋਗਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਬੀਹਲਾ ਦੇ ਰਹਿਣ ਵਾਲੇ ਸ਼ਮਸ਼ਾਦ ਮੁਹੰਮਦ ਦੀ 29 ਸਤੰਬਰ ਨੂੰ ਟੱਲੇਵਾਲ ਨਹਿਰ ਵਿੱਚੋਂ ਭੇਦਭਰੇ ਹਾਲਾਤਾਂ ਵਿੱਚ ਲਾਸ਼ ਬਰਾਮਦ ਹੋਈ ਸੀ। ਸ਼ਮਸ਼ਾਦ ਦਾ ਕਤਲ ਹੋਣ ਦੇ ਸ਼ੱਕ ਕਾਰਨ ਪਿੰਡ ਅਤੇ ਪਰਿਵਾਰ ਵਾਲਿਆਂ ਨੇ ਟੱਲੇਵਾਲ ਨਹਿਰ 'ਤੇ ਧਰਨਾ ਲਾ ਦਿਤਾ। ਪਰਿਵਾਰ ਮੁਤਾਬਕ 27 ਤਰੀਕ ਨੂੰ ਨੌਜਵਾਨ ਆਪਣੇ ਘਰੋਂ ਪਿੰਡ ਦੇ ਹੀ ਨੌਜਵਾਨ ਬਲਜਿੰਦਰ ਸਿੰਘ ਦੇ ਨਾਲ ਗਿਆ ਸੀ ਪਰ ਵਾਪਸ ਘਰ ਨਹੀਂ ਪਰਤਿਆ।
ਇਸ ਮਗਰੋਂ 29 ਸਤੰਬਰ ਨੂੰ ਭੇਦ ਭਰੇ ਹਲਾਤਾਂ ਵਿੱਚ ਮੁਹੰਮਦ ਸ਼ਮਸ਼ਾਦ ਦੀ ਲਾਸ਼ ਟੱਲੇਵਾਲ ਨਹਿਰ ਵਿੱਚੋਂ ਬਰਾਮਦ ਹੋਈ । ਹਾਦਸੇ ਤੋਂ ਬਾਅਦ ਬਲਜਿੰਦਰ ਸਿੰਘ, ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ, ਉਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਪਰ ਪਰਿਵਾਰ ਨੂੰ ਸ਼ੱਕ ਹੈ ਕਿ ਇੱਕ 17 ਸਾਲ ਦਾ ਨਾਬਾਲਗ ਲੜਕਾ ਇਸ ਤਰ੍ਹਾਂ ਉਨ੍ਹਾਂ ਦੇ ਲੜਕੇ ਦਾ ਕਤਲ ਨਹੀਂ ਕਰ ਸਕਦਾ।
ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਵਿੱਚ ਹੋਰ ਵੀ ਕਈ ਲੋਕ ਸ਼ਾਮਲ ਹੋ ਸਕਦੇ ਹਨ। ਇਸ ਲਈ ਪੁਲਿਸ ਨੂੰ ਸਖ਼ਤੀ ਨਾਲ ਪੁੱਛਗਿਛ ਕਰਨੀ ਚਾਹੀਦੀ ਹੈ। ਪਰਿਵਾਰ ਨੇ ਇਹ ਵੀ ਦੋਸ਼ ਲਗਾਏ ਹਨ ਕਿ ਜਿਸ ਦੋਸ਼ੀ ਨੂੰ ਪੁਲਿਸ ਵੱਲੋਂ ਫੜਿਆ ਗਿਆ ਹੈ ਉਸ ਦੀ ਮਾਤਾ ਥਾਣੇ ਵਿੱਚ ਰੋਟੀਆਂ ਬਣਾਉਣ ਦਾ ਕੰਮ ਕਰਦੀ ਹੈ ਇਸ ਕਰਕੇ ਪੁਲਿਸ ਉਨ੍ਹਾਂ ਦੀ ਮਦਦ ਕਰ ਰਹੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਜਿੰਨਾ ਸਮਾਂ ਉਨ੍ਹਾਂ ਦੇ ਲੜਕੇ ਦੇ ਕਾਤਲਾਂ ਦਾ ਪਤਾ ਪੁਲਿਸ ਨਹੀਂ ਦੱਸ ਦਿੰਦੀ, ਇਸੇ ਤਰ੍ਹਾਂ ਧਰਨਾ ਲੱਗਿਆ ਰਹੇਗਾ ਅਤੇ ਉਹ ਆਪਣੇ ਲੜਕੇ ਨੂੰ ਦਫਨਾਉਣਗੇ ਵੀ ਨਹੀਂ।
ਇਸ ਸਬੰਧੀ ਡੀ.ਐੱਸ.ਪੀ. ਪ੍ਰੱਗਿਆ ਜੈਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾ ਰਹੀ ਹੈ ਅਤੇ ਜਿਸ ਲੜਕੇ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ ਉਸ ਦਾ ਰਿਮਾਂਡ ਲੈ ਕੇ ਉਸ ਤੋਂ ਪੁੱਛਗਿਛ ਕੀਤੀ ਜਾਵੇਗੀ। ਜੇਕਰ ਕੋਈ ਹੋਰ ਵੀ ਇਸ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਵਿੱਚ ਕੁਤਾਹੀ ਵਰਤਦਾ ਹੈ ਤਾਂ ਉਸ ਦੇ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।