ਮੋਗਾ: ਬੇਸ਼ੱਕ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦੇ ਐਲਾਨ ਤੋਂ ਬਾਅਦ ਦੇਸ਼ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਪਰ ਸਿਆਸਤਦਾਨ ਇਸ ਦੀ ਉਲੰਘਣਾ ਕਰਨੋਂ ਨਹੀਂ ਟਲ ਰਹੇ। ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿਥੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸਰਕਾਰੀ ਸਕੂਲ 'ਚ ਰੈਲੀ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।
ਭਗਵੰਤ ਮਾਨ ਤੋਂ ਜਦ ਰੈਲੀ ਕਾਰਨ ਹੋਈ ਚੋਣ ਜ਼ਾਬਤੇ ਦੀ ਉਲੰਘਣਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਲਿਆ ਹੈ ਕਿ ਇਹ ਰੈਲੀ ਪ੍ਰਬੰਧਕਾਂ ਦਾ ਜ਼ਿੰਮਾ ਹੈ। ਰੈਲੀ 'ਚ ਸੰਸਦ ਮੈਂਬਰ ਪ੍ਰੋਫ਼ੈਸਰ ਸਾਧੂ ਸਿੰਘ ਵੀ ਮੌਜੂਦ ਸਨ।
ਚੋਣ ਜ਼ਾਬਤੇ ਦੀ ਉਲੰਘਣਾ ਤੋਂ ਬਾਅਦ ਜਦ ਡਿਪਟੀ ਕਮਿਸ਼ਨਰ ਸੰਦੀਪ ਹੰਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਤੋਂ ਆਮ ਆਦਮੀ ਪਾਰਟੀ ਨੂੰ ਨੋਟਿਸ ਭੇਜਿਆ ਜਾਵੇਗਾ।
ਆਪਣੇ ਸੰਬੋਧਨ ਵਿਚ ਭਗਵੰਤ ਮਾਨ ਨੇ ਸੱਤਾਧਾਰੀ ਕਾਂਗਰਸ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਜਿਨ੍ਹਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਕਾਂਗਰਸ ਸੱਤਾ ਵਿਚ ਆਈ ਸੀ, ਉਹ ਜਿਉਂ ਦੇ ਤਿਉਂ ਬਣੇ ਹੋਏ ਹਨ।