ਮੋਗਾ: ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ 26 ਨਵੰਬਰ ਤੋਂ ਲਗਾਤਾਰ ਦਿੱਲੀ ਦੇ ਵੱਖ-ਵੱਖ ਬਾਰਡਰਾ 'ਤੇ ਧਰਨੇ ਦਿੱਤੇ ਜਾ ਰਹੇ ਹਨ। ਦੂਜੋ ਪਾਸੇ ਠੰਢ ਵਧਣ ਕਾਰਨ ਹੁਣ ਤੱਕ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।
ਇਸੇ ਤਹਿਤ ਸਿੰਘੂ ਬਾਰਡਰ 'ਤੇ ਪਿਛਲੇ ਕਈ ਦਿਨਾਂ ਤੋਂ ਧਰਨਾ ਦੇ ਰਹੇ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦੇ ਵਸਨੀਕ ਮੱਖਨ ਖਾਨ ਦੀ ਮੰਗਲਵਾਰ ਦੁਪਹਿਰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੌਤ ਦੀ ਖਬਰ ਸੁਣਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ। ਮ੍ਰਿਤਕ ਮੱਖਣ ਖਾਨ ਦੀ ਉਮਕ 45 ਸਾਲ ਸੀ ਜੋ ਆਪਣੇ ਪਿੱਛੇ ਦੋ ਬੇਟੇ ਅਤੇ ਇੱਕ ਬੇਟੀ ਤੋਂ ਇਲਾਵਾ ਧਰਮ ਪਤਨੀ ਨੂੰ ਛੱਡ ਗਿਆ ਹੈ।
ਪਿੰਡ ਦੇ ਸਰਪੰਚ ਮੋਹਨ ਸਿੰਘ ਕਿਹਾ ਮੱਖਨ ਖਾਨ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਕਰਦਾ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪਰਿਵਾਰ ਦੀ ਮਾਲੀ ਸਹਾਇਤਾ ਲਈ 10 ਲੱਖ ਰੁਪਏ ਦਿੱਤੇ ਜਾਣ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਸਰਪੰਚ ਨੇ ਦੱਸਿਆ ਕਿ ਉਹ ਸਮੁੱਚੀ ਪੰਚਾਇਤ, ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨਾਲ ਮਿਲਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਨੂੰ ਵੀ ਮਿਲਣਗੇ।
ਮ੍ਰਿਤਕ ਦੇ ਭਰਾ ਜਗਰਾਜ ਖਾਨ ਨੇ ਕਿਹਾ ਕਿ ਮੇਰਾ ਭਰਾ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਵਿੱਚ ਭਾਗ ਲੈਂਦਾ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਅਸੀਂ ਬਹੁਤੇ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਾਂ ਅਤੇ ਮੇਰੇ ਭਰਾ ਦੇ ਘਰ ਕਮਾਈ ਵਾਲਾ ਕੋਈ ਵੀ ਨਹੀਂ ਰਿਹਾ ਅਤੇ ਜੋ ਬਚੇ ਹਨ ਉਹ ਬਿਲਕੁਲ ਛੋਟੀ ਉਮਰ ਦੇ ਹਨ। ਜਗਰਾਜ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਪਰਿਵਾਰ ਨੂੰ ਆਰਥਿਕ ਮਦਦ ਨਾ ਮਿਲਣ ਤੱਕ ਆਪਣੇ ਭਰਾ ਨੂੰ ਦਫ਼ਨ ਨਹੀਂ ਕਰਨਗੇ।