ਮੋਗਾ: ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੋਗਾ ਦੇ ਡੀਸੀ ਦਫ਼ਤਰ ਸਾਹਮਣੇ ਇੱਕ ਰੋਸ ਧਰਨਾ ਲਗਾਇਆ ਗਿਆ। ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਵਧੀਕੀਆਂ ਅਤੇ ਲੋਕਮਾਰੂ ਨੀਤੀਆਂ ਅਤੇ ਵਾਅਦਾ ਖਿਲਾਫੀਆਂ ਦੇ ਖ਼ਿਲਾਫ਼ ਇਹ ਧਰਨਾ ਲਗਾਇਆ ਗਿਆ ਸੀ। ਇਸ ਧਰਨੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਇਸ ਮੌਕੇ ਅਕਾਲੀ ਦਲ ਦੇ ਵੱਖ ਵੱਖ ਹਲਕਾ ਅਤੇ ਸਰਕਲ ਇੰਚਾਰਜ ਹਾਜ਼ਰ ਹੋਏ।
ਆਏ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਜਗਮੀਤ ਸਿੰਘ ਬਰਾੜ ਨੇ ਅਕਾਲੀ ਦਲ ਦੇ ਪਿਛੋਕੜ ਬਾਰੇ ਸੰਗਤ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਹਲਕਾ ਬਾਘਾ ਪੁਰਾਣਾ ਦੇ ਇੰਚਾਰਜ ਤੀਰਥ ਸਿੰਘ ਮਾਹਲਾ ਨੇ ਉਨ੍ਹਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਅਤੇ ਹਲਕਾ ਵਿਧਾਇਕ ਵੱਲੋਂ ਉਨ੍ਹਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਬਾਰੇ ਸੁਖਬੀਰ ਸਿੰਘ ਬਾਦਲ ਨੂੰ ਜਾਣੂ ਕਰਵਾਇਆ ਗਿਆ । ਇਸ ਦੇ ਨਾਲ ਹੀ ਉਨ੍ਹਾਂ ਨੇ ਅਪੀਲ ਕੀਤੀ ਕਿ ਸਰਕਾਰ ਬਣਨ 'ਤੇ ਉਨ੍ਹਾਂ ਨਾਲ ਕੀਤੀਆਂ ਗਈਆਂ ਵਧੀਕੀਆਂ ਦਾ ਸਰਕਾਰ ਵੱਲੋਂ ਜ਼ਰੂਰ ਲੇਖਾ ਜੋਖਾ ਕੀਤਾ ਜਾਵੇ।
ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਲੋਕਾਂ ਦਾ ਇਸ ਭਾਰੀ ਇਕੱਠ ਲਈ ਧੰਨਵਾਦ ਕੀਤਾ ਅਤੇ ਧਰਮਕੋਟ ਤੋਂ ਕਾਂਗਰਸ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੱਲੋਂ ਪਿਛਲੀਆਂ ਪੰਚਾਇਤੀ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਕੀਤੀਆਂ ਵਧੀਕੀਆਂ ਅਤੇ ਧੱਕੇਸ਼ਾਹੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ।ਇਸ ਦੇ ਨਾਲ ਹੀ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਆਉਣ ਤੇ ਮੋਗਾ ਜ਼ਿਲ੍ਹੇ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇ ।
ਧਰਨੇ ਦੇ ਅਖੀਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਈ ਹੋਈ ਸੰਗਤ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਸਰਕਾਰ ਦੀਆਂ ਨਲਾਇਕੀਆਂ ਅਤੇ ਵਧੀਕੀਆਂ ਨੂੰ ਲੋਕਾਂ ਦੇ ਜੱਗ ਜ਼ਾਹਰ ਕੀਤਾ। ਜੱਥੇਦਾਰ ਤੋਤਾ ਸਿੰਘ ਅਤੇ ਤੀਰਥ ਸਿੰਘ ਮਾਹਲਾ ਵੱਲੋਂ ਗਿਣਾਈਆਂ ਗਈਆਂ ਵਧੀਕੀਆਂ ਦਾ ਉਨ੍ਹਾਂ ਨੇ ਸਰਕਾਰ ਬਣਨ 'ਤੇ ਲੇਖਾ ਜੋਖਾ ਕਰਨ ਦੀ ਗੱਲ ਕਹੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਟਕਸਾਲੀ ਅਕਾਲੀਆਂ ਬਾਰੇ ਤਿੱਖੇ ਵਿਅੰਗ ਕਰਕੇ ਉਨ੍ਹਾਂ ਨੂੰ ਖੂਬ ਭੰਡਿਆ ਅਤੇ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਧੱਕਿਆਂ ਵਿਰੁੱਧ ਅਫ਼ਸਰਸ਼ਾਹੀ ਨੂੰ ਸੁਚੇਤ ਕੀਤਾ। ਉਨ੍ਹਾਂ ਨੇ ਜ਼ਿਲ੍ਹੇ ਦੇ ਐਸਐਸਪੀ ਅਤੇ ਡੀਸੀ ਨੂੰ ਧੱਕੇਸ਼ਾਹੀ ਨੂੰ ਰੋਕਣ ਲਈ ਅਪੀਲ ਕੀਤੀ। ਨਾਲ ਹੀ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਜੋ ਅਫ਼ਸਰ ਇਸ ਟਾਈਮ ਅਕਾਲੀ ਵਰਕਰਾਂ ਨਾਲ ਧੱਕੇ ਅਤੇ ਝੂਠੇ ਪਰਚੇ ਪਾ ਰਹੇ ਹਨ ਉਨ੍ਹਾਂ ਨਾਲ ਨਜਿੱਠਿਆ ਜਾਵੇਗਾ।