ਮੋਗਾ: ਫ਼ਿਰੋਜ਼ਪੁਰ ਰੋਡ ਸਥਿਤ ਲਾਲਾ ਲਾਜਪਤ ਰਾਏ ਕਾਲਜ ਦੇ ਹੋਸਟਲ ’ਚ ਰਹਿ ਕੇ ਪੜ੍ਹਾਈ ਕਰ ਰਹੇ ਅਤੇ ਬਿਹਾਰ ਦੇ ਵਿਦਿਆਰਥੀਆਂ ਦਰਮਿਆਨ ਅੱਜ ਸ਼ਾਮ ਟੀ-20 ਵਰਲਡ ਕੱਪ ਦੇ ਫਾਈਨਲ ’ਚ ਇੰਗਲੈਂਡ ਦੇ ਹੱਥੋਂ ਪਾਕਿਸਤਾਨ ਦੀ ਹੋਈ ਹਾਰ ਉਪਰੰਤ ਉਸ ਸਮੇਂ ਖੂਨੀ ਝੜਪ ਹੋ ਗਈ, ਜਦੋਂ ਬਿਹਾਰ ਦੇ ਵਿਦਿਆਰਥੀ ਇੰਗਲੈਂਡ ਦੀ ਜਿੱਤ ਦਾ ਜਸ਼ਨ ਮਨਾ ਰਹੇ ਸਨ ਤਾਂ ਉਸ ਸਮੇਂ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੇ ਕਥਿਤ ਤੌਰ ’ਤੇ ਉਨ੍ਹਾਂ ਦਾ ਵਿਰੋਧ ਕੀਤਾ। Students clashed over the match in Moga.Lala Lajpat Roy College Hostel News Moga
ਬਿਹਾਰ ਦੇ ਕਈ ਵਿਦਿਆਰਥੀ ਜਖ਼ਮੀ: ਇਸ ਦੌਰਾਨ ਝਗੜਾ ਇੰਨਾ ਵਧ ਗਿਆ ਕਿ ਵਿਦਿਆਰਥੀਆਂ ਨੇ ਇਕ-ਦੂਜੇ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਦਰਮਿਆਨ ਬਿਹਾਰ ਦੇ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ’ਚ ਦਾਖ਼ਲ ਕਰਵਾਇਆ ਗਿਆ। ਦੂਜੇ ਪਾਸੇ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਤੁਰੰਤ ਪੁਲਿਸ ਪਾਰਟੀਆਂ ਭੇਜ ਕੇ ਮਾਮਲੇ ’ਤੇ ਕਾਬੂ ਪਾਇਆ ਗਿਆ।
ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੇ ਲਗਾਏ ਪਾਕਿਸਤਾਨ ਦੇ ਪੱਖ ਵਿਚ ਨਾਅਰੇ: ਮਿਲੀ ਜਾਣਕਾਰੀ ਅਨੁਸਾਰ ਟੈਲੀਵਿਜ਼ਨ ’ਤੇ ਮੈਚ ਦੇਖ ਰਹੇ ਬਿਹਾਰ ਦੇ ਵਿਦਿਆਰਥੀਆਂ ਨੇ ਜਦੋਂ ਇੰਗਲੈਂਡ ਦੀ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕੀਤਾ ਤਾਂ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕੀਤਾ। ਬਿਹਾਰ ਦੇ ਵਿਦਿਆਰਥੀ ਰਾਜਵਿਨ ਪਾਂਡੇ ਨੇ ਦੋਸ਼ ਲਗਾਇਆ ਕਿ ਇੰਗਲੈਂਡ ਦੀ ਜਿੱਤ ’ਤੇ ਉਹ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ ਤਾਂ ਇਸ ਦਰਮਿਆਨ ਹੀ ਉਨ੍ਹਾਂ ਭਾਰਤ ਜ਼ਿੰਦਾਬਾਦ ਦੇ ਨਾਅਰੇ ਲਗਾਏ, ਜਦਕਿ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨੇ ਪਾਕਿਸਤਾਨ ਦੇ ਪੱਖ ਵਿਚ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਉਹ ਭਾਰਤ ਦੇਸ਼ ਦੇ ਨਿਵਾਸੀ ਹਨ ਅਤੇ ਕਿਸੇ ਤੋਂ ਵੀ ਭਾਰਤ ਦੇਸ਼ ਦਾ ਵਿਰੋਧ ਨਹੀਂ ਸੁਣ ਸਕਦੇ। ਉਨ੍ਹਾਂ ਕਿਹਾ ਕਿ ਉਹ ਪੜ੍ਹਾਈ ਕਰਨ ਤੋਂ ਬਾਅਦ ਇਥੇ ਆਏ ਹਨ ਪਰ ਜੰਮੂ-ਕਸ਼ਮੀਰ ਦੇ ਵਿਦਿਆਰਥੀ ਜਾਣਬੁੱਝ ਕੇ ਉਨ੍ਹਾਂ ਦੇ ਨਾਲ ਲੜ ਰਹੇ ਹਨ।
ਧਰਮ ਪ੍ਰਤੀ ਘਟੀਆ ਸ਼ਬਦਾਵਲੀ ਦੀ ਵਰਤੋਂ ਕਾਰਨ ਭੜਕਿਆ ਮਾਮਲਾ: ਇਸੇ ਦੌਰਾਨ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਦਾ ਕਿਹਾ ਕਿ ਉਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਪਰ ਜਦ ਉਨ੍ਹਾਂ ਦੇ ਧਰਮ ਪ੍ਰਤੀ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਤਾਂ ਮਾਮਲਾ ਜਿਆਦਾ ਭੜਕਿਆ। ਕਾਲਜ ਦੀ ਕਮੇਟੀ ਦੇ ਮੈਂਬਰ ਰਮੇਸ਼ ਸਿੰਗਲਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਿਚਕਾਰ ਜੋ ਥੋੜ੍ਹੀ-ਬਹੁਤ ਲੜਾਈ ਹੋਈ ਹੈ, ਉਸ ਨੂੰ ਸ਼ਾਂਤ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਲਜ ’ਚ ਸਥਿਤੀ ਹੁਣ ਆਮ ਦੀ ਤਰ੍ਹਾਂ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ, ਜਦਕਿ ਕੁਝ ਵਿਦਿਆਰਥੀ ਹਸਪਤਾਲ ’ਚ ਦਾਖ਼ਲ ਹਨ।
ਇਹ ਵੀ ਪੜ੍ਹੋ: ਲੁਧਿਆਣਾ ਦੇ ਸਾਹਨੇਵਾਲ ਥਾਣੇ ਦਾ SHO ਲਾਈਨ ਹਾਜ਼ਰ, ਚੋਰੀ ਦੇ ਸਾਮਾਨ ਨਾਲ ਭਰੇ ਟਰੱਕ ਨੂੰ ਫੜਨ 'ਤੇ ਨਹੀਂ ਹੋਈ ਕਾਰਵਾਈ ਤਾਂ...