ਮੋਗਾ: ਆਮ ਆਦਮੀ ਪਾਰਟੀ ਵੱਲੋਂ ਅੱਜ ਕਿਸਾਨ ਮਹਾਂਪੰਚਾਇਤ ਜ਼ਿਲ੍ਹਾ ਮੋਗਾ ਦੇ ਬਾਘਾਪੁਰਾਣਾ ਅਨਾਜ ਮੰਡੀ ਵਿਖੇ ਸੱਦੀ ਗਈ, ਜਿਥੇ ਵੱਖ-ਵੱਖ ਹਿੱਸਿਆਂ ਤੋਂ ਲੋਕ ਸ਼ਾਮਲ ਹੋਣ ਲਈ ਆਏ। ਇਸ ਦੌਰਾਨ ਵਿਸ਼ੇਸ਼ ਤੌਰ ਉੱਤੇ ਆਪਣੇ ਆਪ ਨੂੰ ਜੰਜ਼ੀਰਾਂ ਵਿੱਚ ਜਕੜ ਕੇ ਪਹੁੰਚੇ ਦੋ ਨੌਜਵਾਨਾਂ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਅੱਜ ਵੀ ਆਮ ਆਦਮੀ ਅਤੇ ਕਿਸਾਨ ਆਜ਼ਾਦ ਨਹੀਂ ਹੈ। ਉਹ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ। ਭਾਵੇਂ ਸਮੇਂ ਦੀਆਂ ਸਰਕਾਰਾਂ ਹੋਣ ਜਾਂ ਫਿਰ ਕਾਰਪੋਰੇਟ।
ਈਟੀਵੀ ਭਾਰਤ ਦੀ ਟੀਮ ਨੇ ਸਾਹਿਲ ਦੇ ਨਾਲ ਵਿਸ਼ੇਸ਼ ਤੌਰ ਉੱਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿਉਂ ਉਸ ਨੇ ਆਪਣੇ ਆਪ ਨੂੰ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਸਿਰਫ਼ ਕਿਸਾਨਾਂ ਦਾ ਹੈ ਇਸ ਵਿੱਚ ਸਿਆਸਤ ਨੂੰ ਭਾਰੂ ਨਹੀਂ ਹੋਣਾ ਚਾਹੀਦਾ।
ਕਿਸਾਨ ਸਮਰਥਕ ਸਾਹਿਲ ਨੇ ਕਿਹਾ ਕਿ ਉਹ ਵਿਸ਼ੇਸ਼ ਤੌਰ ਉੱਤੇ ਪੱਗ ਬੰਨ੍ਹ ਕੇ ਅਤੇ ਦਾੜ੍ਹੀ ਰੱਖ ਕੇ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਜ਼ੰਜੀਰਾਂ ਵਿੱਚ ਜਕੜ ਕੇ ਇਸ ਮਹਾਂਪੰਚਾਇਤ ਵਿੱਚ ਆਇਆ ਹੈ ਕਿਉਂਕਿ ਉਹ ਦੱਸਣਾ ਚਾਹੁੰਦਾ ਹੈ ਕਿ ਅੱਜ ਵੀ ਸਾਡੇ ਦੇਸ਼ ਦਾ ਕਿਸਾਨ ਜਾਂ ਆਮ ਆਦਮੀ ਆਜ਼ਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਉਸ ਦਾ ਸਮਰਥਨ ਕਿਸੇ ਸਿਆਸੀ ਪਾਰਟੀ ਨੂੰ ਨਹੀਂ ਸਿਰਫ਼ ਕਿਸਾਨਾਂ ਨੂੰ ਹੈ ਅਤੇ ਕਿਸਾਨਾਂ ਦਾ ਸਾਥ ਦੇਣ ਲਈ ਹੀ ਉਹ ਅੱਜ ਇਥੇ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੋੜ ਹੈ ਅੱਜ ਭਗਤ ਸਿੰਘ ਦੀ ਸੋਚ ਤੇ ਚੱਲਣ ਦੀ।