ਮੋਗਾ: ਥਾਣਾ ਅਜੀਤਵਾਲ ਦੇ ਅਧੀਨ ਪੈਂਦੇ ਇੱਕ ਪਿੰਡ ਵਿੱਚ ਇੱਕ ਨਸ਼ੇੜੀ ਨੌਜਵਾਨ ਵੱਲੋਂ 11 ਸਾਲਾ ਦੀ ਪੰਜਵੀਂ ਕਲਾਸ ਦੀ ਵਿਦਿਆਰਥਣ ਨਾਲ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰਕੇ ਉਸ ਦੇ ਖ਼ਿਲਾਫ਼ ਜਬਰ ਜਨਾਹ ਦੀ ਧਾਰਾ 376 ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡੀਐਸਪੀ ਨੇ ਕਿਹਾ ਕਿ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਸ ਨੇ ਪੁੱਛਗਿੱਛ ਦੌਰਾਨ ਪੁਲਿਸ ਕੋਲ ਆਪਣਾ ਜ਼ੁਰਮ ਵੀ ਕਬੂਲ ਕੀਤਾ ਹੈ। ਦੋਸ਼ੀ ਨੇ ਦੱਸਿਆ ਕਿ ਸਵੇਰ ਕਰੀਬ ਸਾਢੇ 9 ਵਜੇ ਜਦੋਂ ਵਿਦਿਆਰਥਣ ਘਰੋਂ ਸਕੂਲ ਪਹੁੰਚੀ ਸੀ, ਇਸੇ ਦੌਰਾਨ ਹੀ ਦੋਸ਼ੀ ਨੇ ਉਸ ਨੂੰ ਸਕੂਲ ਤੋਂ ਅਗਵਾ ਕਰ ਲਿਆ ਅਤੇ ਆਪਣੇ ਨਾਲ ਕਿਸੇ ਸੁੰਨਸਾਨ ਥਾਂ 'ਤੇ ਲੈ ਗਿਆ। ਉੱਥੇ ਉਸ ਨੇ ਪੀੜਤਾਂ ਨਾਲ ਜਬਰ ਜਨਾਹ ਕੀਤਾ। ਬਾਅਦ ਵਿੱਚ ਬੱਚੀ ਨੇ ਘਰ ਆ ਕੇ ਆਪਣੇ ਪਰਿਵਾਰ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ।
ਡੀਐਸਪੀ ਪ੍ਰਸਨ ਸਿੰਘ ਨੇ ਦੱਸਿਆ ਕਿ ਦੋਸ਼ੀ ਨੇ ਨਸ਼ੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਦੋਸ਼ੀ ਦਾ ਪੁਰਾਣਾ ਰਿਕਾਰਡ ਚੈੱਕ ਕੀਤਾ ਹੈ। ਉੱਥੋਂ ਦੀ ਪਤਾ ਲੱਗਾ ਹੈ ਕਿ ਦੋਸ਼ੀ ਮਿਹਨਤ ਮਜ਼ਦੂਰੀ ਕਰਨ ਦਾ ਕੰਮ ਕਰਦਾ ਸੀ ਅਤੇ ਇਸੇ ਦੌਰਾਨ ਉਹ ਨਸ਼ੇ ਦੀ ਦਲਦਲ ਵਿੱਚ ਧਸਦਾ ਚਲਾ ਗਿਆ। ਉਨ੍ਹਾਂ ਕਿਹਾ ਕਿ ਦੋਸ਼ੀ ਦੀ ਪਹਿਚਾਣ ਦਲਜਿੰਦਰ ਸਿੰਘ ਵਾਸੀ ਪਿੰਡ ਢੁੱਡੀਕੇ ਦੇ ਰੂਪ ਵਿੱਚ ਹੋਈ ਹੈ। ਡੀਐਸਪੀ ਨੇ ਕਿਹਾ ਕਿ ਜਲਦੀ ਹੀ ਉਕਤ ਮਾਮਲੇ ਦਾ ਚਲਾਨ ਬਣਾ ਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜਾਵੇਗਾ ਅਤੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ।