ਮੋਗਾ: ਕੋਰੋਨਾ ਕੇਸ ਲਗਾਤਰ ਵੱਧਣ ਦੇ ਚਲਦਿਆਂ ਪੰਜਾਬ ਭਰ 'ਚ ਵੀ ਵੈਕਸੀਨੇਸ਼ਨ ਮੁਹਿੰਮ ਜ਼ੋਰਾਂ 'ਤੇ ਜਾਰੀ ਹੈ। ਅਜਿਹੇ 'ਚ ਮੋਗਾ ਦੀ ਇੱਕ 105 ਸਾਲਾਂ ਦੀ ਮਾਤਾ ਕਰਤਾਰ ਕੌਰ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਝੰਡਾ ਬਰਦਾਰ ਬਣਦਿਆਂ ਖੁਦ ਟੀਕਾਕਰਨ ਕਰਵਾਇਆ ਹੈ। ਨਾਲ ਹੀ ਉਨ੍ਹਾਂ ਦੇ 80 ਸਾਲਾਂ ਦੇ ਪੁੱਤਰ ਤੇ ਪੂਰੇ ਪਰਿਵਾਰ ਨੇ ਵੀ ਲੋਕਾਂ 'ਚ ਜਾਗਰੂਕਤਾ ਦਾ ਸੁਨੇਹਾ ਦਿੱਤਾ ਹੈ।ਮਾਤਾ ਕਰਤਾਰ ਕੌਰ ਪਿੰਡ ਭਿੰਡਰ ਖੁਰਦ ਨਾਲ ਸਬੰਧ ਰੱਖਦੀ ਹੈ, ਪਰ ਹੁਣ ਉਹ ਆਪਣੇ ਪੁੱਤਰ ਹਰਵਿੰਦਰ ਸਿੰਘ ਕੋਲ ਮੋਗਾ ਵਿਖੇ ਰਹਿ ਰਹੀ ਹੈ।
ਬੀਤੇ ਦਿਨੀਂ ਮਾਤਾ ਨੇ ਆਪਣੇ ਪਰਿਵਾਰ ਸਮੇਤ ਵਾਰਡ ਨੰਬਰ 3 ਵਿੱਚ ਲੱਗੇ ਕੈਂਪ ਵਿੱਚ ਵੈਕਸੀਨ ਲਗਵਾਈ। ਇਹ ਕੈਂਪ ਉਨ੍ਹਾਂ ਦੀ ਦੋਹਤੇ ਅਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਲਗਾਇਆ ਗਿਆ ਸੀ। ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਕਰਤਾਰ ਕੌਰ ਨੇ ਆਪਣੀ ਇੱਛਾ ਅਤੇ ਦ੍ਰਿੜ੍ਹ ਸ਼ਕਤੀ ਦੇ ਬਲ 'ਤੇ ਟੀਕਾਕਰਨ ਕਰਵਾਇਆ ਹੈ। ਉਨ੍ਹਾਂ ਨੂੰ ਕਿਸੇ ਨੇ ਵੀ ਦਬਾਅ ਨਹੀਂ ਪਾਇਆ ਸੀ।
ਮਾਤਾ ਕਰਤਾਰ ਕੌਰ ਦੀ ਇਹ ਸੋਚ ਹੈ ਕਿ ਇਸ ਬਿਮਾਰੀ ਤੋਂ ਬਚਣ ਲਈ ਟੀਕਾਕਰਨ ਕਰਾਉਣਾ ਲਾਜ਼ਮੀ ਹੈ। ਮਾਤਾ ਕਰਤਾਰ ਕੌਰ ਦਾ ਇਹ ਵੀ ਕਹਿਣਾ ਹੈ, ਕਿ ਜੇਕਰ ਹਲੇ ਕੁਝ ਲੋਕਾਂ ਦੀ ਟੀਕੇ ਲਈ ਵਾਰੀ ਨਹੀਂ ਵੀ ਆਈ ਹੈ, ਤਾਂ ਉਨ੍ਹਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਟੀਕਾ ਲਗਵਾਉਣ ਤੋਂ ਬਾਅਦ ਨਾ ਤਾਂ ਬੁਖ਼ਾਰ ਹੋਇਆ ਅਤੇ ਨਾ ਹੀ ਕੋਈ ਹੋਰ ਸਮੱਸਿਆ ਪੇਸ਼ ਆਈ ਹੈ। ਇੱਕ ਤੰਦਰੁਸਤ ਵਿਅਕਤੀ ਨੂੰ ਤਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਣ ਦਾ ਕੋਈ ਡਰ ਹੀ ਨਹੀਂ ਹੈ।