ਮਾਨਸਾ: ਪੰਜਾਬ ਵਿੱਚ ਡੂੰਘੇ ਹੋ ਰਹੇ ਖੇਤੀ ਸਕੰਟ ਦੇ ਖੂਹ ਵਿੱਚ ਅੱਜ ਇੱਕ ਹੋਰ ਕਿਸਾਨ ਜਾ ਡਿੱਗਿਆ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਦੇ 30 ਵਰ੍ਹਿਆਂ ਦੇ ਕਿਸਾਨ ਨਿਰਮਲ ਸਿੰਘ ਨੇ ਕਰਜ਼ੇ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਜਾਣਕਾਰੀ ਅਨੁਸਾਰ ਮ੍ਰਿਤਕ ਨਿਰਮਲ ਸਿੰਘ 1.5 ਏਕੜ ਜ਼ਮੀਨ ਦਾ ਮਾਲਕ ਸੀ। ਇਸ ਜ਼ਮੀਨ 'ਤੇ ਘਰ ਦਾ ਖਰਚ ਚਲਾਉਣ ਲਈ ਆੜ੍ਹਤੀਏ ਅਤੇ ਸਹਿਕਾਰੀ ਸਭਾ ਤੋਂ ਕਰਜ਼ਾ ਲਿਆ ਹੋਇਆ ਸੀ, ਜੋ ਕਿ ਤਕਰੀਬਨ ਚਾਰ ਲੱਖ ਸੀ। ਨਿਰਮਲ ਸਿੰਘ ਦੇ ਪਿਤਾ ਦੀ ਛੇ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਸੀ। ਇਸੇ ਕਾਰਨ ਕਰਜ਼ੇ ਨੂੰ ਉਤਾਰਣ ਲਈ ਉਸ ਨੇ ਆਪਣਾ ਟਰੈਕਟ ਟਰਾਲੀ ਵੀ ਵੇਚ ਦਿੱਤਾ।
ਕਿਸਾਨ ਆਗੂ ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨਿਰਮਲ ਸਿੰਘ ਹਾਲੇ ਕੁਆਰਾ ਸੀ ਅਤੇ ਆਪਣੇ ਪਿੱਛੇ ਆਪਣੀ ਬਜ਼ੁਰਗ ਮਾਂ ਨੂੰ ਛੱਡ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਿਰਮਲ ਸਿੰਘ ਨੇ ਆਪਣੀ ਜੀਵਨ ਲੀਲਾ ਕਰਜ਼ੇ ਕਾਰਨ ਸਮਾਪਤ ਕਰ ਲਈ। ਉਨ੍ਹਾਂ ਨੇ ਕਿਹਾ ਕਿ ਨਿਰਮਲ ਸਿੰਘ ਵੀ ਉਨ੍ਹਾਂ ਕਿਸਾਨਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਆਪਣੀ ਜਾਨ ਗੁਆਈ ਹੈ। ਮਹਿੰਦਰ ਸਿੰਘ ਨੇ ਮੰਗ ਕੀਤੀ ਕਿ ਨਿਰਮਲ ਸਿੰਘ ਦੇ ਪਰਿਵਾਰ ਨੂੰ ਬਣਦੀ ਸਰਕਾਰੀ ਮਦਦ ਦਿੱਤੀ ਜਾਵੇ।
ਪਿੰਡ ਵਾਸੀ ਹਰਦੇਵ ਸਿੰਘ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਨਿਰਮਲ ਸਿੰਘ 'ਤੇ ਆ ਗਈ ਸੀ। ਨਿਰਮਲ ਸਿੰਘ ਨੇ ਕਰਜ਼ਾ ਉਤਾਰਣ ਲਈ ਟਰੈਕਟਰ ਟਰਾਲੀ ਤੱਕ ਵੇਚ ਦਿੱਤੇ ਸਨ ਪਰ ਕਰਜ਼ਾ ਘਟਣ ਦਾ ਨਾਮ ਨਹੀਂ ਲੈ ਰਿਹਾ ਸੀ। ਇਸੇ ਕਾਰਨ ਉਹ ਹਮੇਸ਼ਾ ਮਾਨਸਿਕ ਪ੍ਰੇਸ਼ਾਨੀ ਵਿੱਚ ਰਹਿੰਦਾ ਸੀ। ਅਖੀਰ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ।
ਥਾਣਾ ਜੋਗਾ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾ ਹਵਾਲੇ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਨਿਰਮਲ ਸਿੰਘ ਦੀ ਮਾਂ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ 174 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਹੈ।