ਮਾਨਸਾ : ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੇ ਕਰਜ਼ਿਆਂ 'ਚ ਫਸੀਆਂ ਗਰੀਬ ਔਰਤਾਂ ਲੰਬੇ ਸਮੇਂ ਤੋਂ ਪੰਜਾਬ ਕੋੇਲੋੇਂ ਕਰਜ਼ਾ ਮੁਆਫੀ ਦੀ ਮੰਗ ਕਰ ਰਹੀਆਂ ਹਨ, ਪਰ ਸੂਬੇ ਦੀ ਕੈਪਟਨ ਸਰਕਾਰ ਵੱਲੋਂ ਉਨ੍ਹਾਂ ਦੀ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਮਾਨਸਾ 'ਚ ਕਰਵਾਚੌਥ ਮੌਕੇ ਕੈਪਟਨ ਸਰਕਾਰ ਦੇ ਖਿਲਾਫ ਘੜੇ ਭੰਨ ਕੇ ਰੋਸ ਮੁਜ਼ਾਹਰਾ ਕੀਤਾ। ਔਰਤਾਂ ਨੇ ਪੰਜਾਬ ਸਰਕਾਰ ਤੋਂ ਕਰਜ਼ਾ ਮੁਆਫੀ ਤੇ ਬਿਜ਼ਲੀ ਦੇ ਬਿੱਲ ਘੱਟ ਕੀਤੇ ਜਾਣ ਦੀ ਮੰਗ ਕੀਤੀ।
ਇਸ ਮੌਕੇ ਪ੍ਰਦਰਸ਼ਨ ਕਰ ਰਹੀ ਔਰਤਾਂ ਨੇ ਕਿਹਾ ਕਿ ਗ਼ਰੀਬ ਔਰਤਾਂ ਪਿਛਲੇ 6 ਮਹੀਨੇ ਤੋਂ ਕਰਜ਼ਾ ਮੁਆਫੀ ਦੀ ਅਪੀਲ ਕਰ ਰਹੀਆਂ ਹਨ, ਪਰ ਕੈਪਟਨ ਸਰਕਾਰ ਇਸ ਮਾਮਲੇ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਆਰਥਿਕ ਮੰਦੀ ਦੇ ਚਲਦੇ ਉਹ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਭਰਨ 'ਚ ਅਸਮਰਥ ਹਨ। ਕਰਜ਼ਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਇਸ ਲਈ ਉਨ੍ਹਾਂ ਸੁਣਵਾਈ ਨਾ ਹੋਣ ਕਾਰਨ ਉਹ ਮੁੱਖ ਮੰਤਰੀ ਕੈਪਟਨ ਤੇ ਪੀਐਮ ਮੋਦੀ ਦੇ ਸੱਥਰ 'ਤੇ ਬੈਠੀਆਂ ਹਨ।
ਇਸ ਬਾਰੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਮਹਿਲਾਵਾਂ ਦੇ ਕਰਜ਼ੇ ਸਣੇ ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟ ਅੱਧੇ ਕਰਨ ਦਾ ਵਾਅਦਾ ਕੀਤਾ ਸੀ, ਜੋ ਕਿ ਨਹੀਂ ਹੋਇਆ ਹੈ। ਚੋਣ ਵਾਅਦੇ ਮੁਤਾਬਕ ਪੰਜਾਬ 'ਚ ਬਿਜਲੀ ਰੇਟ ਅੱਧੇ ਕਰਨ ਦੇ ਸਵਾਲਾਂ ਤੇ ਸਰਕਾਰ ਚੁੱਪੀ ਸਾਧ ਕੇ ਬੈਠੀ ਹੈ। ਬਿਜਲੀ ਦੇ ਵੱਧ ਬਿੱਲ ਆਉਣ ਕਾਰਨ ਗਰੀਬਾਂ 'ਤੇ ਵਾਧੂ ਭਾਰ ਪੈ ਰਿਹਾ ਹੈ। ਇਸ ਰੋਸ ਵਜੋਂ ਕਰਵਾ ਚੌਥ ਦੇ ਦਿਨ ਗ਼ਰੀਬ ਔਰਤਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਗਰੀਬ ਮਜ਼ਦੂਰਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ।ਬੇਸ਼ੱਕ ਮੋਦੀ ਸਰਕਾਰ ਨੇ ਕਾਲੇ ਕਾਨੂੰਨਾਂ ਨੂੰ ਕਿਸਾਨਾਂ ਦੇ ਨਾਂਅ ਹੇਠ ਪਾਸ ਕੀਤਾ ਹੈ, ਪਰ ਇਨ੍ਹਾਂ ਦਾ ਸਭ ਤੋਂ ਮਾੜਾ ਪ੍ਰਭਾਵ ਮਜ਼ਦੂਰਾਂ ਦੀ ਸਮਾਜਿਕ ਤੇ ਆਰਥਿਕ ਜੀਵਨ ਉੱਤੇ ਪਵੇਗਾ। ਜੇਕਰ ਸਰਕਾਰ ਜਲਦ ਤੋਂ ਜਲਦ ਗ਼ਰੀਬ ਔਰਤਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ।