ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਅਲੀਸ਼ੇਰ ਕਲਾਂ ( Alisher Kalan) ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿੱਚ ਇੱਕ ਇਕ ਔਰਤ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਗੁਟਕਾ ਸਾਹਿਬ ਅਤੇ ਉਸਦੀ ਖਿੱਲਰੇ ਪੱਤਰਿਆਂ ਨੂੰ ਇਕੱਠਾ ਕਰਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਮ੍ਹਾ ਕਰਵਾ ਦਿੱਤਾ ਗਿਆ ਹੈ।
ਸਿੱਖ ਧਰਮ ਦੇ ਨਾਲ ਜੁੜੇ ਲੋਕਾਂ ਦੇ ਮਨਾਂ ਵਿੱਚ ਰੋਸ ਹੈ ਅਤੇ ਉਨ੍ਹਾਂ ਵੱਲੋਂ ਉਕਤ ਔਰਤ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਉਧਰ ਥਾਣਾ ਜੋਗਾ ਦੀ ਪੁਲਿਸ ਵੱਲੋਂ ਉਕਤ ਔਰਤ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੀ ਔਰਤ ਸਥਾਨਕ ਪਿੰਡ ਵਾਸੀ ਹੀ ਦੱਸੀ ਜਾ ਰਹੀ ਹੈ।
ਪਾਤਸ਼ਾਹੀ ਨੌਵੀਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸੋਨੂੰ ਸਿੰਘ ਨੇ ਦੱਸਿਆ ਕਿ ਉਹ ਬੀਤੇ ਕੱਲ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੂੰ ਗੁਟਕਾ ਸਾਹਿਬ ਪੜ੍ਹਾ ਰਹੇ ਸਨ, ਤਾਂ ਇਸ ਦੌਰਾਨ ਪਿੰਡ ਦੀ ਹੀ ਇੱਕ ਔਰਤ ਆਈ ਜੋ ਕਿ ਦਰਬਾਰ ਸਾਹਿਬ ਦੀ ਚਾਬੀ ਮੰਗਣ ਲੱਗੀ, ਪਰ ਉਨ੍ਹਾਂ ਵੱਲੋਂ ਚਾਬੀ ਦੇਣ ਤੋਂ ਜਵਾਬ ਦੇ ਦਿੱਤਾ ਗਿਆ ਤਾਂ ਉਕਤ ਮਹਿਲਾ ਵੱਲੋਂ ਇਕ ਬੱਚੇ ਦੇ ਹੱਥ ਵਿੱਚ ਗੁਟਕਾ ਸਾਹਿਬ ਖੋਹ ਕੇ ਭੱਜ ਗਈ ਅਤੇ ਰਸਤੇ ਵਿੱਚ ਜਾਂਦਿਆਂ ਉਸ ਨੇ ਗੁਟਕਾ ਸਾਹਿਬ ਦੇ ਪੱਤਰੇ ਖਿਲਾਰ ਦਿੱਤੇ।
ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਉਹ ਆਪ ਵੀ ਗੁਰਦੁਆਰਾ ਸਾਹਿਬ ਤੋਂ ਬਾਹਰ ਜਾ ਕੇ ਇਕ ਜਗ੍ਹਾ ਤੇ ਡਿੱਗ ਪਈ ਅਤੇ ਉਸੇ ਸਥਾਨ ਤੇ ਗੁਟਕਾ ਸਾਹਿਬ ਡੇਗ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਅਤੇ ਗੁਟਕਾ ਸਾਹਿਬ ਦੇ ਪੱਤਰਿਆਂ ਨੂੰ ਸਤਿਕਾਰ ਸਹਿਤ ਇਕੱਠਾ ਕਰਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੰਜ ਪਿਆਰਿਆਂ ਦੀ ਹਜ਼ੂਰੀ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ।
ਧਰਮ ਪ੍ਰਚਾਰ ਕਮੇਟੀ ਦੇ ਆਗੂ ਡਿੰਪਲ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ, ਤਾਂ ਉਹ ਤੁਰੰਤ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਗੁਟਕਾ ਸਾਹਿਬ ਨੂੰ ਸਤਿਕਾਰ ਸਿਹਤ ਇਕੱਠਾ ਕਰਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਮ੍ਹਾ ਕਰਵਾ ਦਿੱਤਾ ਹੈ ਅਤੇ ਉਨ੍ਹਾਂ ਵੱਲੋਂ ਇਸ ਸਬੰਧੀ ਪੁਲੀਸ ਨੂੰ ਵੀ ਸੂਚਨਾ ਦਿੱਤੀ ਗਈ ਹੈ ਅਤੇ ਧਰਮ ਪ੍ਰਚਾਰ ਕਮੇਟੀ ਦੇ ਆਗੂਆਂ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।
ਡੀਐੱਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਬੀਤੇ ਕੱਲ੍ਹ ਅਲੀਸ਼ੇਰ ਕਲਾਂ ਵਿਖੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਚ ਪਿੰਡ ਦੀ ਹੀ ਔਰਤ ਗੁਰਮੇਲ ਕੌਰ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਸੰਬੰਧੀ ਹੈੱਡ ਗਰੰਥੀ ਸੋਨੂੰ ਸਿੰਘ ਨੇ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਵਲੋਂ ਉਕਤ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਾ: ਡੇਰਾ ਪ੍ਰੇਮੀਆਂ ਦੇ ਨਮੂਨੇ ਹੋਏ ਮੈਚ