ਮਾਨਸਾ: ਆਲ ਇੰਡੀਆ ਟ੍ਰੇਡ ਯੂਨੀਅਨਾਂ ਦੇ ਸੱਦੇ 'ਤੇ ਮਾਨਸਾ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ, ਨੌਜਵਾਨ ਸਭਾਵਾਂ ਨੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਦੀ ਅਰਥੀ ਸਾੜੀ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੋਦੀ ਸਰਕਾਰ ਨੂੰ ਦੇਸ਼ ਦੀ ਆਪਸੀ ਸਾਂਝ ਨੂੰ ਖ਼ਤਮ ਕਰਨ ਵਾਲੀ ਸਰਕਾਰ ਦੱਸਿਆ।
ਇਸ ਮੌਕੇ ਕਿਸਾਨ ਨੇਤਾ ਕਰਨੈਲ ਸਿੰਘ ਨੇ ਕਿਹਾ ਕਿ ਕੇਂਦਰੀ ਸਰਕਾਰ ਤਿੰਨ ਨਵੇਂ ਖੇਤੀ ਆਰਡੀਨੈਂਸ ਲਾਗੂ ਕਰਕੇ ਆਪਣੀ ਕਿਸਾਨ ਮਾਰੂ ਨੀਤੀਆਂ ਨੂੰ ਕਿਸਾਨਾਂ ਉੱਤੇ ਥੋਪਣਾ ਚਾਹੁੰਦੀ ਹੈ। ਮੌਜੂਦਾ ਸਮੇਂ 'ਚ ਜਿਥੇ ਲੌਕਡਾਊਨ ਕਾਰਨ ਪਹਿਲਾਂ ਤੋਂ ਹੀ ਕਿਸਾਨ ਪਰੇਸ਼ਾਨ ਹਨ, ਉਥੇ ਹੀ ਕੇਂਦਰ ਸਰਕਾਰ ਦੀ ਅਜਿਹੀ ਨੀਤੀਆਂ ਕਿਸਾਨ ਵਿਰੋਧੀ ਹਨ। ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਦਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਕੇਂਦਰ ਸਰਕਾਰ ਇਹ ਆਰਡੀਨੈਂਸ ਵਾਪਸ ਨਹੀਂ ਲੈਂਦੀ।
ਇਨਕਲਾਬੀ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿਨ-ਬ-ਦਿਨ ਕੋਰੋਨਾ ਵਾਇਰਸ ਦੀ ਆੜ ਦੇ ਹੇਠ ਸਿੱਖਿਆ ਸਣੇ ਕਈ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਬੀਐਸਐਨਐਲ, ਇੰਡੀਅਨ ਆਇਲ ਅਤੇ ਰੇਲਵੇ ਵਿਭਾਗ ਆਦਿ ਜੋ ਅਦਾਰੇ ਪਹਿਲਾਂ ਤੋਂ ਹੀ ਮੁਨਾਫੇ 'ਚ ਹਨ, ਉਨ੍ਹਾਂ ਨੂੰ ਵੇਚਿਆ ਜਾ ਰਿਹਾ ਹੈ।
ਉਨ੍ਹਾਂ ਆਖਿਆ ਕਿ ਦੇਸ਼ ਦੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ, ਮੋਦੀ ਸਰਕਾਰ ਅਤੇ ਸੂਬਾ ਸਰਕਾਰ ਦੋਹਾਂ ਵੱਲੋਂ ਉਨ੍ਹਾਂ ਨੂੰ ਰੁਜ਼ਗਾਰ ਦੇਣ ਦੀ ਕੋਈ ਵੀ ਤਜਵੀਜ਼ ਨਹੀਂ ਰੱਖੀ ਜਾ ਰਹੀ। ਸਗੋਂ ਇਸ ਦੇ ਉਲਟ ਦੋਵੇਂ ਸਰਕਾਰਾਂ ਸੱਤਾ 'ਚ ਰਹਿ ਕੇ ਆਪਣਾ ਮਤਲਬ ਕੱਢ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਫੈਸਲਿਆਂ ਦੇ ਵਿਰੁੱਧ ਅੱਜ ਦੇਸ਼ ਭਰ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਅਜਿਹੇ ਲੋਕ ਵਿਰੋਧੀ ਫੈਸਲੇ ਵਾਪਸ ਨਾ ਲਏ ਤਾਂ ਆਉਣ ਵਾਲੇ ਦਿਨਾਂ ਚ ਵੀ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਸੀਪੀਆਈ ਐਮਐਲ ਲਿਬਰੇਸ਼ਨ ਦੇ ਸਕੱਤਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਅੱਜ ਦੇਸ਼ ਭਰ ਦੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਲੋਕਾਂ ਦਾ ਗੁੱਸਾ ਹੈ। ਮੋਦੀ ਸਰਕਾਰ ਵੱਲੋਂ ਦਿਨੋ ਦਿਨ ਲੋਕ ਵਿਰੋਧੀ ਫ਼ੈਸਲੇ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਵਿੱਚ ਈਸਟ ਇੰਡੀਆ ਨਾਮ ਦੀ ਕੰਪਨੀ ਨੂੰ ਦੇਸ਼ ਦੇ ਲੋਕਾਂ ਨੇ ਮਿਲ ਕੇ ਭਜਾਇਆ ਸੀ ਅੱਜ ਲੋੜ ਹੈ ਮੋਦੀ ਸਰਕਾਰ ਦੀ ਜੁੰਡਲੀ ਨੂੰ ਸੱਤਾ ਤੋਂ ਹਟਾਉਣ ਦੇ ਲਈ ਦੇਸ਼ ਭਰ ਵਿੱਚ ਟਰੇਡ ਯੂਨੀਅਨਾਂ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।