ਮਾਨਸਾ: ਪੰਜਾਬ ਵਿੱਚ ਖੁਦਕੁਸ਼ੀਆਂ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਰਜ਼ੇ ਦੇ ਬੋਝ ਅਤੇ ਫ਼ਸਲ ਖਰਾਬ ਹੋ ਜਾਣ ਕਾਰਨ ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੇਜ਼ਮੀਨੇ 37 ਸਾਲ ਦੇ ਅਮਰੀਕ ਸਿੰਘ ਕਿਸਾਨ ਵੱਲੋਂ (farmer committed suicide) ਆਪਣੇ ਖੇਤ ਵਿੱਚ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਰੀਕ ਸਿੰਘ ਪਿਛਲੇ ਕਈ ਸਾਲਾਂ ਤੋਂ ਠੇਕੇ ਉੱਤੇ ਜ਼ਮੀਨ ਲੈ ਕੇ ਵਾਹੀ ਕਰ ਰਿਹਾ ਸੀ। ਪਿਛਲੇ ਸਾਲ ਵੀ ਉਸ ਵੱਲੋਂ 8 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਨਰਮੇ ਦੀ ਬਿਜਾਈ ਕੀਤੀ ਗਈ ਸੀ, ਪਰ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫਸਲ ਖ਼ਰਾਬ ਹੋ ਗਈ। ਇਸ ਸਾਲ ਵੀ ਉਸ ਵੱਲੋਂ ਚਾਰ ਏਕੜ ਜ਼ਮੀਨ ਦੇ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ, ਪਰ ਨਰਮੇ ਦੀ ਫਸਲ ਇਸ ਸਾਲ ਵੀ ਗੁਲਾਬੀ ਸੁੰਡੀ ਦੇ ਕਾਰਨ ਖਰਾਬ ਹੋ ਗਈ।
ਮ੍ਰਿਤਕ ਅਮਰੀਕ ਸਿੰਘ ਦਿਨੋਂ ਦਿਨ ਕਰਜ਼ਾਈ ਹੁੰਦਾ (Troubled by debt) ਗਿਆ ਅਤੇ ਹੁਣ ਉਸ ਦੇ ਸਿਰ 6 ਲੱਖ ਰੁਪਏ ਕਰਜ਼ੇ ਦੀ ਪੰਡ ਦਾ ਬੋਝ ਵਧ ਗਿਆ ਜਿਸ ਕਾਰਨ ਪ੍ਰੇਸ਼ਾਨ ਅਮਰੀਕ ਸਿੰਘ ਵੱਲੋਂ ਆਪਣੇ ਖੇਤ ਦੇ ਵਿਚ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਦੋ ਬੇਟੀਆਂ ਇਕ ਬੇਟਾ ਤੇ ਪਤਨੀ ਨੂੰ ਛੱਡ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਦਾ ਪੂਰਨ ਕਰਜ਼ ਮੁਆਫ਼ ਕਰਨ ਅਤੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।
ਉਧਰ ਜਾਂਚ ਅਧਿਕਾਰੀ ਜਗਸੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੇ ਦੱਸਿਆ ਹੈ ਕਿ ਉਸ ਦੇ ਸਿਰ ਛੇ ਲੱਖ ਰੁਪਏ ਦਾ ਕਰਜ਼ ਸੀ ਅਤੇ ਅਮਰੀਕ ਸਿੰਘ ਠੇਕੇ ਉੱਪਰ ਜ਼ਮੀਨ ਲੈ ਕੇ ਵਾਹੀ ਕਰਦਾ ਸੀ। ਪਿਛਲੇ ਸਾਲ ਵੀ ਨਰਮੇ ਦੀ ਫਸਲ ਖਰਾਬ ਹੋ ਗਈ ਅਤੇ ਇਸ ਸਾਲ ਵੀ ਨਰਮੇ ਦੀ ਫਸਲ ਖ਼ਰਾਬ ਹੋ ਗਈ ਜਿਸ ਕਾਰਨ ਪਰੇਸ਼ਾਨ ਹੋ ਗਿਆ। ਉਸ ਨੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਉੱਤੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਸੁਖਬੀਰ ਬਾਦਲ ਨੂੰ 14 ਸਤੰਬਰ ਨੂੰ SIT ਨੇ ਪੇਸ਼ ਹੋਣ ਲਈ ਕਿਹਾ