ਮਾਨਸਾ: ਜ਼ਿਲ੍ਹੇ 'ਚ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੋ ਗਰੁੱਪਾਂ ਵਿੱਚ ਆਹਮੋ ਸਾਹਮਣੇ ਖੜ੍ਹੀ ਹੋ ਚੁੱਕੀ ਹੈ। ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮਾਨਸਾ ਦੇ ਮੌਜੂਦਾ ਵਿਧਾਇਕ ਅਤੇ ਦੂਜਾ ਧੜਾ ਲਗਾਤਾਰ ਆਪਣੀ ਵਾਹ ਵਾਹ ਖੱਟਣ ਲਈ ਦੂਜੀਆਂ ਪਾਰਟੀਆਂ ਤੋਂ 'ਆਪ' 'ਚ ਸ਼ਾਮਲ ਕਰਵਾ ਕੇ ਦਾਅਵੇਦਾਰੀਆਂ ਕਰ ਰਹੇ ਹਨ।
ਜਿਸ ਦੇ ਚੱਲਦੇ ਮਾਨਸਾ ਤੋਂ ਇਕ ਧੜੇ ਵੱਲੋਂ ਬੀਤੇ ਦਿਨੀਂ ਜ਼ਿਲ੍ਹੇ ਦੇ ਕੁਝ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਸੀ। ਮੀਡੀਆ ਵਿੱਚ ਮਾਨਸਾ ਤੋਂ ਕਾਂਗਰਸੀ ਕੌਂਸਲਰ ਰੇਖਾ ਰਾਣੀ ਅਤੇ ਕੌਂਸਲਰ ਕ੍ਰਿਸ਼ਨਾ ਦੇਵੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਗਿਆ ਸੀ ਪਰ ਅੱਜ ਜ਼ਿਲ੍ਹਾ ਕਾਂਗਰਸ ਮਾਨਸਾ ਦੇ ਪ੍ਰਧਾਨ ਅਰਸ਼ਦੀਪ ਮਾਈਕਲ ਗਾਗੋਵਾਲ ਵੱਲੋਂ ਦੋਵਾਂ ਕੌਂਸਲਰਾਂ ਨੂੰ ਨਾਲ ਲੈ ਕੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ।
ਇਸ 'ਚ ਉਨ੍ਹਾਂ ਆਮ ਆਦਮੀ ਪਾਰਟੀ ਦੇ ਉੱਪਰ ਤੰਜ ਕੱਸਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੌਂਸਲਰ ਕਾਂਗਰਸ ਨੂੰ ਛੱਡ ਕੇ ਨਹੀਂ ਗਏ। ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਆਮ ਆਦਮੀ ਪਾਰਟੀ ਦੇ ਦੋ ਧੜੇ ਹੋ ਚੁੱਕੇ ਹਨ ਜੋ ਆਪਣੀ ਵਾਹ ਵਾਹ ਖੱਟਣ ਲਈ ਝੂਠੀਆਂ ਅਫਵਾਹਾਂ ਫੈਲਾਈਆਂ ਗਈਆਂ ਹਨ। ਉੱਥੇ ਹੀ ਉਨ੍ਹਾਂ ਕਿਹਾ ਕਿ ਗਲਤ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਉਨ੍ਹਾਂ ਵੱਲੋਂ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।
ਦੂਜੇ ਪਾਸੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਲੱਗੀਆਂ ਖ਼ਬਰਾਂ ਨੂੰ ਲੈ ਕੇ ਮੌਜੂਦਾ ਕੌਂਸਲਰ ਰੇਖਾ ਰਾਣੀ ਅਤੇ ਕ੍ਰਿਸ਼ਨਾ ਦੇਵੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੁਝ ਲੀਡਰਾਂ ਵੱਲੋਂ ਉਨ੍ਹਾਂ ਨੂੰ ਬਦਨਾਮ ਕਰ ਕੇ ਝੂਠੀਆਂ ਖ਼ਬਰਾਂ ਫੈਲਾਈਆਂ ਗਈਆਂ ਹਨ। ਜਿਸ ਨਾਲ ਉਨ੍ਹਾਂ ਦੇ ਅਕਸ ਨੂੰ ਵੱਡੀ ਢਾਹ ਲੱਗੀ ਹੈ।
ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਕਾਂਗਰਸ ਪਾਰਟੀ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਉਥੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਵੱਲੋਂ ਉਨ੍ਹਾਂ ਦੀਆਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਜਾਂ ਝੂਠੀਆਂ ਅਫਵਾਹਾਂ ਫੈਲਾਈਆਂ ਹਨ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣਗੇ।
ਇਹ ਵੀ ਪੜ੍ਹੋ: ਸੜਕਾਂ 'ਤੇ ਮੌਤ ਬਣ ਘੁੰਮ ਰਹੇ ਆਵਾਰਾ ਪਸ਼ੂ, ਬਦਲਾਅ ਦੀ ਸਰਕਾਰ ਵੀ ਨਹੀਂ ਕਰ ਸਕੀ ਹੱਲ !