ਮਾਨਸਾ: ਸਿਹਤ ਵਿਭਾਗ ਦੀ ਟੀਮ ਵੱਲੋਂ ਮਾਨਸਾ (Mansa) ਦੇ ਇਕ ਸੁੰਨਸਾਨ ਜਗ੍ਹਾ ਵਿਚ ਹਰਿਆਣਾ ਤੋਂ ਆਈਆਂ ਤਿੰਨ ਗੱਡੀਆਂ ਵਿੱਚੋਂ ਤਿੰਨ ਕੁਇੰਟਲ ਦੇ ਕਰੀਬ ਮਠਿਆਈ ਜ਼ਬਤ ਕੀਤੀ ਗਈ ਹੈ। ਜਿਨ੍ਹਾਂ ਵਿੱਚ ਨੌਂ ਪ੍ਰਕਾਰ ਦੀਆਂ ਮਠਿਆਈਆਂ ਗੁਲਾਬ ਜਾਮਣ, ਪਤੀਸਾ, ਲੱਡੂ, ਗਜਰੇਲਾ ਆਦਿ ਬਰਾਮਦ ਕਰਕੇ ਸੈਂਪਲ ਲਏ ਗਏ ਹਨ। ਜਿਨ੍ਹਾਂ ਨੂੰ ਜਾਂਚ ਦੇ ਲਈ ਸਰਕਾਰੀ ਲੈਬ ਖਰੜ ਵਿਖੇ ਭੇਜੇ ਗਏ ਹਨ ਤਾਂ ਕਿ ਜਲਦ ਹੀ ਇਸ ਦੀ ਰਿਪੋਰਟ (Report) ਆਵੇ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ।
9 ਪ੍ਰਕਾਰ ਦੀਆਂ ਮਠਿਆਈਆਂ ਕੀਤੀਆਂ ਜਬਤ
ਸਿਹਤ ਵਿਭਾਗ ਦੇ ਡੀਐੱਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਮਾਨਸਾ ਦੇ ਕੈਂਚੀਆਂ ਸਥਿਤ ਇਕ ਸੁੰਨਸਾਨ ਜਗ੍ਹਾ ਤੇ ਮਠਿਆਈ ਦੀਆਂ ਭਰੀਆਂ ਹੋਈਆਂ ਤਿੰਨ ਗੱਡੀਆਂ ਹਰਿਆਣਾ ਤੋਂ ਆਈਆਂ ਹਨ। ਜਿਸ ਦੇ ਆਧਾਰ 'ਤੇ ਉਨ੍ਹਾਂ ਵੱਲੋਂ ਇਸ ਦੀ ਜਾਂਚ ਕਰਨ 'ਤੇ ਤਿੰਨੋਂ ਗੱਡੀਆਂ ਜ਼ਬਤ ਕਰ ਲਈਆਂ ਗਈਆਂ ਹਨ। ਜਿਨ੍ਹਾਂ ਵਿਚ 9 ਪ੍ਰਕਾਰ ਦੀਆਂ ਵੱਖ-ਵੱਖ ਮਠਿਆਈ ਮਿਲੀ ਹੈ। ਇਨ੍ਹਾਂ ਮਠਿਆਈਆਂ ਦੇ ਸੈਂਪਲ ਲਏ ਗਏ ਹਨ।
ਖਰੜ ਲੈਬ ਵਿਚ ਭੇਜੇ ਗਏ ਸੈਂਪਲ
ਉਨ੍ਹਾਂ ਨੇ ਦੱਸਿਆ ਹੈ ਕਿ ਮਠਿਆਈਆਂ ਦੇ ਸੈਂਪਲ ਖਰੜ ਲੈਬ ਦੇ ਵਿਚ ਭੇਜੇ ਜਾ ਰਹੇ ਹਨ ਤਾਂ ਕਿ ਜਲਦ ਹੀ ਇਸ ਦੀ ਰਿਪੋਰਟ ਮਿਲ ਜਾਵੇ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਗੱਡੀਆਂ ਹਰਿਆਣਾ ਦੇ ਮੂਨਕ ਵਿੱਚੋਂ ਆਈਆਂ ਹਨ। ਜੋ ਕਿ ਮਾਨਸਾ ਵਿਖੇ ਪਹਿਲਾਂ ਵੀ ਮਠਿਆਈ ਸਪਲਾਈ ਕਰਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਮੰਤਰੀ ਵੱਲੋਂ ਪੰਜਾਬ ਭਰ ਦੇ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਖ਼ਤ ਆਦੇਸ਼ ਜਾਰੀ ਕੀਤੇ ਹਨ ਕਿ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਤਿਉਹਾਰਾਂ ਦੇ ਮੱਦੇਨਜ਼ਰ ਨਕਲੀ ਮਠਿਆਈਆਂ ਸਪਲਾਈ ਕਰਨ ਵਾਲੇ ਲੋਕਾਂ ਦੇ ਖਿਲਾਫ ਸ਼ਿਕੰਜਾ ਕਸਿਆ ਜਾ ਸਕੇ।