ਮਾਨਸਾ: ਮੋਰਿੰਡਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੁਖ ਮੁਲਜ਼ਮ ਦੀ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਪੋਸਟਮਾਰਟਮ ਪਟਿਆਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਕੀਤਾ ਜਾਵੇਗਾ ਅਤੇ ਮਾਨਸਾ ਪੁਲਿਸ ਪ੍ਰਸ਼ਾਸ਼ਨ ਪਰਿਵਾਰ ਦੀ ਉਡੀਕ ਕਰ ਰਿਹਾ ਹੈ। ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ ਪਰ ਅਜੇ ਤੱਕ ਪਰਿਵਾਰ ਦਾ ਕੋਈ ਵੀ ਮੈਂਬਰ ਮਾਨਸਾ ਨਹੀਂ ਪਹੁੰਚਿਆ।
ਨਹੀਂ ਪਹੁੰਚਿਆ ਪਰਿਵਾਰ ਦਾ ਕੋਈ ਮੈਂਬਰ: ਦੱਸ ਦਈਏ ਬੇਅਦਬੀ ਮਾਮਲੇ ਵਿੱਚ ਮੁੱਖ ਮੁਲਜ਼ਮ ਜਸਵੀਰ ਸਿੰਘ ਦੀ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਮੌਤ ਤੋਂ ਬਾਅਦ ਹੁਣ ਪੁਲਿਸ ਪਰਿਵਾਰ ਦਾ ਇੰਤਜ਼ਾਰ ਕਰ ਰਹੀ ਹੈ। ਮਾਨਸਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਪਰਿਵਾਰ ਨਹੀਂ ਆਉਂਦਾ ਤਾਂ ਮ੍ਰਿਤਕ ਦੀ ਸ਼ਨਾਖਤ ਕਰਨ ਤੋਂ ਬਾਅਦ ਉਸ ਦਾ ਪੋਸਟਮਾਰਟਮ ਪਟਿਆਲਾ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ। ਦੱਸ ਦਈਏ ਬੀਤੇ ਦਿਨ ਮੁਲਜ਼ਮ ਨੂੰ ਪਟਿਆਲਾ ਦੀ ਜੇਲ੍ਹ ਤੋਂ ਮਾਨਸਾ ਵਿੱਚ ਸ਼ਿਫ਼ਟ ਕੀਤਾ ਗਿਆ ਸੀ ਅਤੇ ਇੱਥੇ ਅਚਾਨਕ ਮੁਲਜ਼ਮ ਦੀ ਸਿਹਤ ਵਿਗੜੀ ਜਿਸ ਤੋਂ ਬਾਅਦ ਮੁਲਜ਼ਮ ਨੂੰ ਮਾਨਸਾ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਮੁਲਜ਼ਮ ਦੀ ਹਾਲਤ ਜ਼ਿਆਦੀ ਖ਼ਰਾਬ ਹੋਣ ਤੋਂ ਬਾਅਦ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦੀ ਅਸਲ ਵਜ੍ਹਾ ਦਾ ਪੋਸਟਮਾਰਮਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਮੋਰਿੰਡਾ ਦੇ ਗੁਰੂਘਰ ਵਿੱਚ ਕੀਤੀ ਸੀ ਬੇਅਦਬੀ: ਜਾਣਕਾਰੀ ਮੁਤਾਬਿਕ ਬੇਅਦਬੀ ਦੀ ਘਟਨਾ 24 ਅਪ੍ਰੈਲ 2023 ਨੂੰ ਰੂਪਨਗਰ ਦੇ ਮੋਰਿੰਡਾ ਵਿੱਚ ਬਣੇ ਸ੍ਰੀ ਕੋਤਵਾਲੀ ਸਾਹਿਬ ਗੁਰਦੁਆਰੇ ਦੀ ਹੈ। ਜਿੱਥੇ ਦੁਪਹਿਰ 1 ਵਜੇ ਦੇ ਕਰੀਬ ਗੁਰਦੁਆਰੇ ਵਿੱਚ ਪਾਠ ਚੱਲ ਰਿਹਾ ਸੀ ਅਤੇ ਸੰਗਤ ਬੈਠ ਕੇ ਜਾਪ ਕਰ ਰਹੀ ਸੀ। ਉਸ ਸਮੇਂ ਇੱਕ ਦਸਤਾਰਧਾਰੀ ਨੌਜਵਾਨ ਗੁਰਦੁਆਰਾ ਸਾਹਿਬ ਵਿਖੇ ਆਇਆ। ਜੋ ਕਿ ਪਾਠ ਕਰ ਰਹੇ ਪਾਠੀ ਸਿੰਘਾਂ ਕੋਲ ਸਿੱਧਾ ਪਹੁੰਚ ਗਿਆ ਅਤੇ ਪਾਠੀਆਂ ਨੂੰ ਥੱਪੜ ਮਾਰਨ ਲੱਗਾ। ਇਸ ਦੌਰਾਨ ਨੌਜਵਾਨ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਦੋਵਾਂ ਪਾਠੀਆਂ ਦੀਆਂ ਦਸਤਾਰਾਂ ਵੀ ਲਾਹ ਦਿੱਤੀਆਂ ਗਈਆਂ। ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਘਟਨਾ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਟਵੀਟ ਜਾਰੀ ਕਰਦਿਆਂ ਉਕਤ ਮੁਲਜ਼ਮ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ: Goldy Brar Most Wanted: ਕੈਨੇਡਾ ਨੇ ਚੋਟੀ ਦੇ ਲੋੜੀਂਦੇ ਭਗੌੜਿਆਂ ਵਿੱਚ ਸ਼ਾਮਲ ਕੀਤਾ ਗੈਂਗਸਟਰ ਗੋਲਡੀ ਬਰਾੜ